ਸੰਘਰਸ਼,ਸਿਧਾਂਤ,ਸਿਆਸਤ ਅਤੇ ਸੂਰਮਾਂ

-ਭਾਈ ਬਲਵੰਤ ਸਿੰਘ ਦਾ ਇਲੈਕਸ਼ਨਾਂ ਵਿਚ ਖੜ੍ਹਨ ਖੜਾਉਣ ਦਾ ਮਤਲਬ,ਅਰਸ਼ ਤੋਂ ਫਰਸ਼ ਵਲ ਜਾਣਾ
-ਹੁਣ ਥਿੜਕੀ ਨਾ ਗੁਰਬਖਸ਼ ਸਿੰਘਾਂ,ਨਾਂ ਲਊਗਾ ਬਚਾ ਬਚਾ ਤੇਰਾ- ਮਨਮੋਹਨ ਸਿੰਘ (ਜੰਮੂ)                                                                                           

gurbakssinghjammumanmoha,rajoanaਜਦੋਂ ਨੌਜਵਾਨ ਪੁਛਦੇ ਹਨ ਕਿ ਭਾਈ ਬਲਵੰਤ ਸਿੰਘ ਰਾਜੋਆਣੇ ਦਾ ਇਲੈਕਸ਼ਨਾਂ ‘ਚ ਹਿਸਾ ਲੈਣ ਦਾ ਫੈਸਲਾ ਸਹੀ ਹੈ ਕਿ ਗਲਤ ? ਕੁਝ ਹਕ ‘ਚ ਬੋਲਦੇ ਹਨ,ਕੁਝ ਖਿਲਾਫ ਅਤੇ ਕੁਝ ਬੋਲਣ ਤੋਂ ਪਾਸਾ ਵਟ ਜਾਂਦੇ ਹਨ।
ਦੋਸਤੋ! ਸਮੇਂ ਸਿਰ ਕੋਈ ਕਦਮ ਨਾ ਪੁਟਿਆ ਜਾਵੇ ਤਾਂ ਬਾਅਦ ‘ਚ ਕੁਝ ਕਰਨ ਕਰਾਉਣ ਦਾ ਕੋਈ ਫਾਈਦਾ ਨਹੀਂ ਹੁੰਦਾ।ਸ਼ਾਇਦ ਇਸੇ ਲਈ ਅਖਾਣ ਬਣਿਆ ਹੈ,ਵੇਲੇ ਦੀ ਨਿਮਾਜ਼ ਕੁਵੇਲੇ ਦੀਆਂ ਟਕਰਾਂ।ਵੀਰ ਬਲਵੰਤ ਸਿੰਘ ਜੀ ਰਾਜੋਆਣਾ ਵਲੋਂ ਅਚਾਨਕ ਬਿਨਾ ਕਿਸੇ ਪੰਥਕ ਪੜਚੋਲ ਤੇ ਕੌਮੀਂ ਭਵਿਖ ਨੂੰ ਵਾਚਿਆਂ ਇਲੈਕਸ਼ਨਾਂ ‘ਚ ਅਸਿਧੇ ਰੂਪ ਵਿਚ ਸ਼ਾਮਲ ਹੋਣ ਦਾ ਲਿਆ ਗਿਆ ਫੈਸਲਾ ਵਡੀ ਗਲਤੀ ਸਾਬਤ ਹੋਵੇਗਾ ਅਤੇ ਜੋ ਪਛਤਾਵੇ ਤੋਂ ਵਧ ਕੁਝ ਪਲੇ ਨਹੀਂ ਪਾਵੇਗਾ।ਸਾਥੀਓ!”ਸਫਲਤਾ ਹਾਸਲ ਕਰਨੀ ਵਡੀ ਗਲ ਨਹੀਂ ਹੁੰਦੀ,ਬਲਕਿ ਸਫਲਤਾ ਦੀ ਚੌਟੀ ਤੇ ਟਿਕੇ ਰਹਿਣਾ ਵਡੀ ਗਲ ਹੁੰਦੀ ਹੈ”
ਗੁਰਮਤਿ ਵਿਚ ਸ਼ਖਸ਼ੀਅਤਵਾਦ ਲਈ ਕੋਈ ਥਾਂ ਨਹੀਂ ਹੈ,ਪਰ ਜਦੋਂ ਕਈ ਲੋਕ ਗੁਰਮਤਿ ਸਿਧਾਂਤਾਂ ਅਤੇ ਸੰਘਰਸ਼ ਦੇ ਉਲਟ ਕੁਝ ਕਰਦੇ ਹਨ ਤਾਂ ਕਈਂ ਵੀਰ-ਭੈਣ ਅਕਸਰ ਕਹਿ ਦੇਂਦੇ ਹਨ ਕਿ ਅਸੀ ਫਲਾਣੇ ਬੰਦੇ ਬਾਰੇ ਕੁਝ ਨਹੀਂ ਕਹਿਣਾ ਕਿਉਂਕਿ ਉਹ ਮਹਾਨ ਕਹਿ ਜਾਂਦੇ ਸ਼ਹੀਦ,ਸ਼ਹੀਦ ਦੇ ਪਰਿਵਾਰ,ਕਿਸੇ ਸਾਧ-ਬਾਬੇ ਜਾਂ ਹੋਰ ਅਖੌਤੀ ਜਥੇਦਾਰਾਂ ਚੋਂ ਹੈ ਅਤੇ ਇਸੇ ਤਰਾਂ ਕੋਈ ਕਿਸੇ ਸੰਤ ਜਾਂ ਗੁਰੂ ਦੀ ਅੰਸ,ਵੰਸ਼ ਵਿਚੋਂ ਹੈ।ਪਰ ਗੁਰਮਤਿ ਸਾਨੂੰ ਸਿਖਾਉਂਦੀ ਹੈ ਕਿ ਬੇਸ਼ਕ ਕੋਈ ਗੁਰੂ ਦਾ ਪੁਤਰ ਵੀ ਸਿਧਾਂਤਾਂ ਤੋਂ ਭਗੌੜਾ ਹੋਵੇ, ਉਸ ਨੂੰ ਸੁਆਲ ਕਰਨ ਦਾ ਕੌਮ ਤੇ ਕੌਮੀਂ ਬੰਦਿਆਂ ਨੂੰ ਪੂਰਾ ਹਕ ਹੁੰਦਾ ਹੈ ਪਰ ਸੁਆਲ ਕਰਨ ਵਾਲਾ ਜੇ ਖੁਦ ਸਿਧਾਂਤ ਤੋਂ ਭਗੌੜਾ ਹੈ ਤਾਂ ਉਸ ਦੇ ਸੁਆਲ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ , ਇਸ ਲਈ ਗੁਰਮਤਿ ਅਤੇ ਕੌਮ ਤੋਂ ਮੁਨਕਰ ਕਿਸੇ ਵੀ ਮਨੁਖ ਨੂੰ ਕੌਮੀਂ ਰਹਿਣੁਮਾਈ ਕਰਨ ਜਾਂ ਕੌਮੀਂ ਸਨਮਾਨ ਲੈਣ ਦਾ ਕੋਈ ਹਕ ਨਹੀਂ, ਇਸ ਦੇ ਉਲਟ ਇਹ ਵੇਖਕੇ ਹੈਰਾਨੀ ਹੁੰਦੀ ਕਿ ਪ੍ਰਸਿਧ ਕੌਮੀਂ ਸ਼ਹੀਦਾਂ ਦੀ ਬਰਸੀਆਂ ਤੇ ਉਨਾਂ੍ਹ ਦੇ ਭਰਾ ਦਾਰੂ ਪੀਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਨੇੜੇ ਅਤੇ ਕੌਮੀਂ ਆਗੂਆਂ ਦੇ ਨਾਲ ਸਟੇਜ ਤੇ ਬੈਠ ਕੇ ਸਰੋਪੇ ਲਈ ਤੇ ਦੇਈ ਜਾ ਰਹੇ ਹਨ।ਇਕ ਸ਼ਹੀਦੀ ਸਮਾਗਮ ਵਿਚ ਅਸੀ ਸਟੇਜ ਸੈਕਟਰੀ ਨੂੰ ਪਰਚੀ ਵਿਚ ਬੇਨਤੀ ਲਿਖ ਭੇਜੀ ਤੇ ਕਿਹਾ ਕਿ ਸ਼ਹੀਦਾਂ ਦੇ ਪਰੀਵਾਰਾਂ ਨੂੰ ਕਹੋ ਕਿ ਘਟੋਂ ਘਟ ਤੁਸੀ ਹੀ ਸਿਖੀ ਸਰੂਪ ਤੇ ਸਿਧਾਂਤਾਂ ਤੇ ਪਹਿਰਾ ਦਿਉ? ਅਗੋਂ ਸੈਕਟਰੀ ਨੇ ਜੁਆਬ ਭੇਜਿਆ ਕਿ ਮੇਰੀ ਔਕਾਤ ਨਹੀਂ ਹੈ ਕਿ ਮੈਂ ਇੰਨਾਂ ਪਰੀਵਾਰਾਂ ਨੂੰ ਕੁਝ ਕਹਿ ਸਕਾ. ਦਸੋ ਇਹ ਸੈਕਟਰੀ ਦਾ ਪਰਿਵਾਰਾਂ ਪ੍ਰਤੀ ਸਤਿਕਾਰ ਹੈ ਜਾਂ ਸਿਆਸੀ ਪੈਤੜਾਂ ?
ਇਕ ਪ੍ਰਸਿਧ ਖਾੜਕੂ ਦੇ ਭਤੀਜੇ ਦਾ ਵਿਆਹ ਹੋਇਆ ਜਿਸ ਵਿਚ ਸੋਨੇ ਦੇ ਛਾਪਾਂ ਛਲੇ ਵੰਡੇ ਗਏ,ਵਡੀ ਗਿਣਤੀ ਵਿਚ ਬਰਾਤ ਚੜੀ,ਹੋਰ ਬਹੁਤ ਕੁਝ…ਪਰ ਕਦੀ ਇਸੇ ਪਰਿਵਾਰ ਦੇ ਪ੍ਰਸਿੱਧ ਖਾੜਕੂ ਨੇ ਇੰਨਾਂ ਸਭ ਚੀਜਾਂ ਦੀ ਮਨਾਈ ਦਾ ਹੁਕਮ ਜਾਰੀ ਕੀਤਾ ਸੀ।ਕੀ ਸਿਧਾਂਤ ਤੇ ਸੁਆਲ ਸਿਰਫ ਦੂਜਿਆਂ ਲਈ ਹਨ? ਇਹ ਸਭ ਕੁਝ ਗੁਰਮਤਿ ਦੀ ਕਸੋਟੀ ਤੇ ਆਗੂਆਂ ਦੀ ਗੁਰਮਤਿ ਬਾਰੇ ਆਗਿਆਨਤਾ ਹੀ ਕਹੀ ਜਾ ਸਕਦੀ ਹੈ, ਜਿਨਾਂ ਦੀ ਇਸ ਲਾਪਰਵਾਹੀ ਕਰਕੇ ਹੀ ਅਜ਼ਾਦੀ ਲਹਿਰ ਗੁਰਮਤਿ ਸਿਧਾਂਤਾਂ ਦੀ ਪਟੜੀ ਤੋਂ ਉਤਰਦੀ ਜਾਂਦੀ ਹੈ।ਸਾਡਾ ਅਸਲ ਵਿਸ਼ੇ ਤੋਂ ਪਹਿਲਾਂ ਇਨਾਂ੍ਹ ਗਲਾਂ ਦਾ ਕਰਨਾ ਇਸ ਲਈ ਜਰੂਰੀ ਕਿ ਅਸੀ ਜੋ ਕਹਿਣ ਜਾ ਰਹੇ ਹਾਂ,ਉਹ ਸਿਰਫ ਕੌਮੀਂ ਦਰਦ ਅਤੇ ਸੰਘਰਸ਼,ਸਿਧਾਂਤ ਦੇ ਸਤਿਕਾਰ ਨੂੰ ਮੁਖ ਰਖਦਿਆਂ ਕਹਿ ਰਹੇ ਹਾਂ।
ਜੇ ਗੁਰੂ ਗੋਬਿੰਦ ਸਿੰਘ ਜੀ! ਦਾਦੂ ਦੀ ਮਜਾਰ ਤੇ ਤੀਰ ਮਾਰ ਕੇ ਅਤੇ ਸ਼ਨੀ ਦੇਵਤੇ ਦੇ ਪੂਜਾਰੀ ਨੂੰ ਦਾਨ ਦੇਕੇ ਸਿਖਾਂ ਦੀ ਪਰਖ ਕੀਤੀ ਸੀ ਕਿ ਸਿਖ ਗੁਰਮਤਿ ਸਿਧਾਂਤਾਂ ਦੇ ਉਲਟ ਗੁਰੂ ਵਲੋਂ ਕੀਤੀ ਜਾਂਦੀ ਕਾਰਵਾਈ ਦਾ ਨੌਟਸ ਲੈਂਦੇ ਹਨ ਜਾਂ ਨਹੀਂ ? ਪਰ ਸਿਖਾਂ ਨੇ ਤਾਂ ਦਸਮੇਸ਼ ਗੁਰੂ ਨੂੰ ਵੀ ਸੁਆਲ ਕਰ ਦਿਤਾ ਸੀ. ਇਹ ਵੇਖ ਕੇ ਗੁਰੂ ਸਾਹਿਬ ਬਹੁਤ ਖੁਸ਼ ਹੋਏ ਕਿ ਸਿਖ ਸਿਧਾਂਤਾਂ ਦੇ ਮਾਮਲੇ ਵਿਚ ਗੁਰੂ ਨਾਲ ਵੀ ਸਮਝੋਤਾ ਨਹੀਂ ਕਰਦੇ।ਫਿਰ ਦਸੋਂ ਆਮ ਸਿਖਾਂ ਦੀ ਕੀ ਗਲ ਹੈ ਕਿ ਗੁਰਮਤਿ ਤੋਂ ਉਲਟ ਕਾਰਵਾਈਆਂ ਕਰਨ ਤੇ ਕੌਮ ਕੋਈ ਸੁਆਲ ਹੀ ਨਾ ਕਰੇ ?
ਵੀਰ ਬਲਵੰਤ ਸਿੰਘ ਦਾ,ਇਲੈਕਸ਼ਨਾਂ ਵਿਚ ਖੜਨ ਜਾਂ ਖੜਾਉਣ ਦਾ ਫੈਸਲਾ ਉਨਾਂ ਦਾ ਆਪਣਾ ਹੈ ਜਾਂ ਕਿਸੇ ਵਲੋਂ ਫੈਸਲਾ ਲੈਣ ਲਈ ਉਨਾਂ ਦੁਆਲੇ ਮਾਹੁਲ ਸਿਰਜਿਆ ਗਿਆ ਜਾਂ ਜਜਬਾਤੀ ਹੋਕੇ ਉਨਾਂ੍ਹ ਫੈਸਲਾ ਕਰ ਲਿਆ, ਕੁਝ ਵੀ ਹੋਵੇ, ਪਰ ਇਹ ਫੈਸਲਾ ਨੁਕਸਾਨ ਦੇਹ ਸਾਬਤ ਹੋਵੇਗਾ. ਜਿਸ ਦਾ ਅਸਰ ਸਿਖ ਜਵਾਨੀ ਤੇ ਪਵੇਗਾ ਅਤੇ ਕੌਮ ਵਲੋਂ ਦਿਤਾ ਗਿਆ ਮਾਨ ਸਨਮਾਨ ਅਰਸ਼ ਤੋਂ ਵਰਸ਼ ਵਲ ਜਾਵੇਗਾ. ਅਕਾਲ ਪੁਰਖ ਸਾਡੇ ਸਾਰਿਆਂ ਤੇ ਰਹਿਮਤ ਭਰੀ ਨਦਰ ਕਰੇ. ਜੋ ਅਸੀ ਬੇਇਮਾਨ ਤੇ ਕਰਪਟ ਰਾਜਨੀਤਕਾਂ ਦੀ ਲੁੰਬੜ ਚਾਲਾ ਨੂੰ ਸਮਝ ਕਿ ਇੰਨਾਂ ਦਾ ਸਾਮਣਾ ਕਰਨ ਦੇ ਸਮਰਥ ਹੋ ਸਕੀਏ.
ਦੋਸਤੋ!ਸਿਆਸਤ ਬੁਰੀ ਚੀਜ਼ ਨਹੀਂ ਪਰ ਨਿਜੀ ਗਰਜ਼ਾਂ ਦੀ ਸਿਆਸਤ ਅਤੇ ਅਜਿਹੀ ਗੰਦੀ ਸਿਆਸਤ ਦੀ ਬਲੀ ਕੌਮ-ਸਮਾਜ ਨੂੰ ਚਾੜ੍ਹ ਦੇਣਾ ਬਹੁਤ ਮਾੜੀ ਗਲ ਹੈ।ਜੋ ਬਹੁਤੇ ਅਕਾਲੀ ਲੀਡਰ ਤੇ ਜਥੇਦਾਰ ਕਰ ਰਹੇ ਹਨ ਅਤੇ ਧਰਮ ਤੇ ਰਾਜ਼ਨੀਤੀ ਦਾ ਅਰਥ ਵਿਗਾੜ ਕਿ ਇਹ ਬੋਟਾਂ ਦੀ ਰਾਜ਼ਨੀਤੀ ਨੂੰ ਹੀ ਸਿਆਸੀ ਤਾਕਤ ਕਹੀ ਜਾ ਰਹੇ ਹਨ। ਜਦੋਂ ਮੈਂ ਵੀਰ ਬਲਵੰਤ ਸਿੰਘ ਦੀ ਵਡੀ ਕੁਰਬਾਣੀ ਤੇ ਸੰਘਰਸ਼ ਬਾਰੇ ਪਹਿਲਾ ਲੇਖ ਲਿਖਿਆ ਤਾਂ ਕੁਝ ਗਲਾਂ ਦਾ ਵੀਰ ਭਿਉਰੇ ਨੇ ਗੁਸਾ ਮਨਾਲਿਆ ਸੀ,ਪਹਿਲੇ ਲੇਖ ਵਿਚ ਮੈਂ ਕਿਹਾ ਸੀ ਕਿ ਬਲਵੰਤ ਸਿੰਘ,ਗੁਰਮੀਤ ਸਿੰਘ,ਲਖਵਿੰਦਰ ਸਿੰਘ ਨੂੰ ਅਣਗੋਲਿਆਂ ਕੀਤਾ ਜਾ ਰਿਹਾ ਹੈ,ਜਿਸ ਨਾਲ ਵਿਸ਼ੇਸ਼ ਤੌਰ ਤੇ ਬਲਵੰਤ ਸਿੰਘ ਹਿਰਦੇ ‘ਚ ਬਿਗਾਨਗੀ ਦਾ ਅਹਿਸਾਸ ਪੈਦਾ ਹੋਵੇਗਾ ਅਤੇ ਇਹ ਗੁਸਾ ਕੋਈ ਵੀ ਰੂਪ ਅਖਤਿਆਰ ਕਰ ਸਕਦਾ ਹੈ,ਆਪਸੀ ਗਿਲੇ-ਸ਼ਿਕਵੇ,ਗਲਤ ਫੈਹਿਮੀਆਂ/ਦੁਬਿਧਾਂਵਾਂ ਨੂੰ ਦੂਰ ਕਰਨਾ ਚਾਹੀਦਾ ਹੈ,ਵਰਨਾ ਨਤੀਜੇ ਮਾੜੇ ਨਿਕਲ ਸਕਦੇ ਹਨ ਅਤੇ ਸਿਆਸਤ ਦੇ ਮਹਾਂਰਥੀ ਅਜਿਹੇ ਮੋਕਿਆ ਦੀ ਹਮੇਸ਼ਾਂ ਭਾਲ ਵਿਚ ਰਹਿੰਦੇ ਹਨ, ਆਖਰ ਉਹੋ ਕੁਝ ਹੀ ਹੋਇਆ। ਆਪਸੀ ਸ਼ਬਦ ਜੰਗ ਵਿਚ ਗੌਲੀਆਂ ਵਾਂਗ ਚਲੇ ਲਖਾਂ ਰੂਪੀਆਂ ਦੇ ਇਸ਼ਤਿਆਰਾਂ ਨੇ ਅਜੋਕੀ ਜੁਝਾਰੂ ਤਵਾਰੀਖ ਤੇ ਕਾਲੇ ਧਬੇ ਲਾਏ ਤੇ ਕੌਮ ਦਾ ਸਿਰ ਨੀਵਾਂ ਕੀਤਾ ਅਤੇ ਸੰਘਰਸ਼ ਵਿਰੋਧੀ ਧਿਰਾਂ ਇਹ ਵੇਖਕੇ ਚੁਸਕੀਆਂ ਲੈਂਦੀਆਂ ਰਹੀਆਂ।ਹੁਣ ਜੋ ਗਿਲਾਂ ਮੈਂ ਕਲ ਭਾਈ ਰਾਜੋਆਣੇ ਲਈ ਬਾਕੀ ਟੀਮ ਨਾਲ ਕੀਤਾ ਸੀ, ਅਜ ਓਹੀ ਗਿਲਾ ਸ਼ਿਕਵਾ, ਵੀਰ ਗੁਰਮੀਤ ਸਿੰਘ ਤੇ ਵੀਰ ਲਖਵਿੰਦਰ ਸਿੰਘ ਲਈ, ਵੀਰ ਰਾਜੋਆਣੇ ਨਾਲ ਹੈ ਕਿਉਂਕਿ ਅਸੀ ਉਨਾਂ੍ਹ ਨੂੰ ਆਪਣਾ ਵਡਾ ਵੀਰ ਮੰਨਦੇ ਹਾਂ ਤੇ ਗੁਸਾ ਗਿਲਾ ਵੀ ਆਪਣਿਆ ਨਾਲ ਹੀ ਕੀਤਾ ਜਾਂਦਾ ਹੈ, ਵੀਰ ਰਾਜੋਆਣੇ ਲਈ ਅਸੀ ਵੀ ਕਦੀ ਕਿਹਾ ਸੀ ਤੇ ਭੈਣ ਕਮਲਜੀਤ ਕੌਰ ਅਜ ਵੀ ਆਖਦੀ ਹੈ ਕਿ ਵੀਰ ਨੂੰ ਸਾਲਾਂ ਤਕ ਇਗਨੌਰ ਕੀਤਾ ਗਿਆ।ਹੁਣ ਜਦੋਂ ਕੌਮ ਵਲੋਂ ਦਿਤਾ ਗਿਆ, ਭਾਈ ਬਲਵੰਤ ਸਿੰਘ ਕੌਲ਼ ਸਭ ਕੁਝ ਹੈ ਤਾਂ ਆਪਣੇ ਸਾਥੀਆਂ ਵੀਰ ਗੁਰਮੀਤ ਸਿੰਘ ਤੇ ਵੀਰ ਲਖਵਿੰਦਰ ਸਿੰਘ,ਸ਼ਮਸ਼ੇਰ ਸਿੰਘ ਆਦਿ ਨੂੰ ਇਗਨੌਰ ਕਿਉਂ ਕੀਤਾ ਗਿਆ ? ਉਨਾਂ ਦੀ ਮਦਦ ਤੇ ਜਮਾਨਤ ਲਈ ਖਰਚ ਤੇ ਵਕੀਲ਼ ਆਦਿ ਗਲਾਂ ਵਲ ਕੋਈ ਧਿਆਨ ਕਿਉਂ ਨਹੀਂ ਦਿਤਾ ਗਿਆ?
ਦੋਸਤੋ! ਹਰ ਜਥੇ ਜਾਂ ਟੀਮ ਵਿਚ ਇਕ ਜਾਂ ਦੋ ਹੀ ਸੀਨੀਅਰ ਆਗੂ ਹੁੰਦੇ ਹਨ,ਜਿਵੇਂ ਚੈਸ ਵਿਚ ਰਾਜਾ ਤੇ ਵਜ਼ੀਰ ਅਤੇ ਜਦੋਂ ਸਾਰੇ ਹੀ ਆਗੂ ਬਣ ਜਾਣ ਅਤੇ ਆਪਣੇ ਸਾਥੀਆਂ ਦੀ ਪਰਵਾਹ ਕਰਨੀ ਛਡ ਦੇਣ ਤਾਂ ਕਾਫਿਲਾ ਖਿੰਡਰ ਜਾਂਦਾ ਹੈ ਅਤੇ ਕਵੀ ਦਾ ਇਹ ਕਥਨ ਹੋਲੀ ਹੋਲੀ ਸਚ ਹੋ ਨਿਬੜਦਾ ਹੈ :’ਰਹਿਨੁਮਾਂ ਹੀ ਰਹਿਨੁਮਾਂ ਹੈ, ਕਾਫਿਲਾ ਕੋਈ ਨਹੀਂ’ ਪਰ ਇਥੇ ਸੁਆਲ ਹੋਰ ਹੈ-

‘ਯੇ ਬਤਾ ਮੇਰੇ ਦੋਸਤ! ਕਿ ਕਾਫਿਲਾ ਲੁਟਾ ਕਿਉਂ,
ਦੁਸ਼ਮਨੋਂ ਕਾ ਗਮ ਨਹੀਂ,ਬਸ ਰਹਿਬਰੀ ਪਰ ਸਵਾਲ ?’

ਭੈਣ ਕਮਲਜੀਤ ਕੌਰ ਦੇ ਕਈਂ ਇੰਟਰਵੀਉ ਸੁਣੇ,ਮੀਡੀਏ ਤੇ ਹੋਰ ਲੋਕਾਂ ਨਾਲ ਗਲਬਾਤ ਤੇ ਸੁਆਲ ਜੁਆਬ ਸੁਣੇ,ਪਰ ਉਹ ਨਾ ਕੋਈ ਠੌਸ ਦਲੀਲ ਦੇ ਸਕੇ,ਨਾ ਹੀ ਕਿਸੇ ਸੁਆਲ ਦਾ ਠੋਸ ਜੁਆਬ, ਮੁੜ ਮੁੜ ਇਕੋ ਗਲ ਕਿ ਸਾਲਾਂ ਤੋਂ ਕਿਸੇ ਨੇ ਸਾਰ ਨਹੀਂ ਲਈ ਅਤੇ ਸਾਡੀ ਕੁਰਬਾਨੀ, ਕੌਮੀਂ ਫਰਜ਼, ਪਟਿਆਲਾ ਤੇ ਅਨੰਦਪੁਰ ਸਾਹਿਬ ਦੀ ਸੀਟ ਤੇ ਦਿਤੀਆਂ ਗਈਆਂ ਦਲੀਲਾਂ ਅਤੇ ਸੰਘਰਸ਼ ਬਾਰੇ ਵਿਚਾਰ ਦੇਣ ਤੋਂ ਬਾਅਦ ਕਹਿਣਾ ਕਿ ਇਹ ਵਿਚਾਰ ਬਲਵੰਤ ਸਿੰਘ ਵੀਰ ਜੀ ਦੇ ਹਨ।ਜੇ ਇਸ ਸਚ ਵਿਚ ਉਨਾ ਦੇ ਹੀ ਹਨ ਤਾਂ ਸਿਖ ਸੰਘਰਸ਼ ਦੇ ਇਕ ਵਡੇ ਜੁਝਾਰੂ ਨੂੰ ਗੁਰਮਤਿ ਸਿਧਾਂਤਾਂ,ਸੰਘਰਸ਼ ਅਤੇ ਇਕ ਆਗੂ ਪਖੋਂ ਬੋਣਾ ਸਾਬਤ ਕਰਦੇ ਹਨ।ਵੀਰ ਬਲਵੰਤ ਸਿੰਘ ਰਾਜੋਆਣਾ ਦੇ ਨਾਂ ਤੇ ਲਖਾਂ ਜਾਂ ਕਰੋੜ ਤਕ ਜੋਂ ਕੌਮ ਨੇ ਮਦਦ ਕੀਤੀ,ਇਸ ਲਈ ਅਸੀ ਵੀ ਅਪੀਲ ਕੀਤੀ ਸੀ,ਮਦਦ ਹੋਈ ਕੋਈ ਦੁਖ ਵਾਲੀ ਨਹੀਂ, ਬਲਕਿ ਬਹੁਤ ਚੰਗੀ ਗਲ ਹੈ।ਪਰ ਦੁਖ ਵਾਲੀ ਗਲ ਹੈ ਕਿ ਕੌਮ ਵਲੋਂ ਆਪਣੇ ਖੂਨ ਪਸੀਨੇ ਤੇ ਹਡ ਤੋੜ ਮਹਿਨਤ ਕਰਕੇ ਕਮਾਈ ਤੇ ਫਿਰ ਭੇਟ ਕੀਤੀ ਮਾਇਆ ਨੂੰ ਆਪਸੀ ਭਰਾਮਾਰੂ ਜੰਗ ਵਿਚ ਕੌਮ ਦੀ ਹੀ ਮਿਟੀ ਪਲੀਤ ਕਰਨ ਲਈ ਵਰਤਿਆ ਗਿਆ,ਬੇਸ਼ਕ ਗਲਤੀ ਦੋਵਾਂ ਪਾਸਿਆਂ ਤੋਂ ਹੋਈਆਂ ਹਨ।ਲੇਖਕ ਲੁਧਿਆਣਾ,ਪਿੰਡ ਸਰਾਭਾ ਦੇ ਇਕ ਵੀਰ ਦੇ ਘਰ ਵੀਰ ਲਖਵਿੰਦਰ ਸਿੰਘ ਦੀ ਭੈਣ ਨੂੰ ਮਿਲਿਆ, ਵੀਰ ਲਖਵਿੰਦਰ ਸਿੰਘ ਦੀ ਜਮਾਨਤ ਲਈ ਵਿਚਾਰ ਚਲ ਰਹੀ ਸੀ,ਜਿਸ ਵੀਰ ਦੇ ਘਰ ਬੈਠੇ ਸੀ ਉਹ ਖੁਦ ੧੮ ਸਾਲ ਦੇ ਸੰਘਰਸ਼ ਅਤੇ ਫਾਂਸੀ ਦੇ ਤਖਤੇ ਤੋਂ ਹੋਕੇ ਮੁੜਿਆਂ ਸੀ,ਪਰ ਫਿਰ ਵੀ ਆਪਣੀ ਫਿਕਰ ਛਡ ਕੇ ਹੋਰ ਸਾਰਿਆਂ ਲਈ ਚਿੰਨਤਤ ਸੀ ਅਤੇ ਭੈਣ ਕਮਲਜੀਤ ਦੇ ਘਰੋਂ ਉਸ ਦੀਆਂ ਗਲਾਂ-ਬਾਤਾਂ ਤੋਂ ਨਿਰਾਸ਼ ਹੋਕੇ ਮੁੜਿਆ ਸੀ। ਮੇਰੇ ਦਿਲ ਵਿਚ ਖਿਆਲ ਆ ਰਿਹਾ ਸੀ ਕਿ ਵੀਰ ਗੁਰਮੀਤ ਸਿੰਘ ਲਈ ਵੀ ਸਾਂਝਾ ਯਤਨ ਹੋਣਾ ਚਾਹੀਦਾ ਹੈ ਅਤੇ ਜੇ ਬਚਿਆਂ ਤੇ ਭਰਾਵਾਂ ਵਿਚ ਕੋਈ ਗੁਸਾ ਗਿਲਾ ਹੈ ਤਾਂ ਬੰਦੀ ਸਿੰਘਾਂ ਦੇ ਭੈਣ ਭਰਾ ਬਲਦੀ ‘ਚ ਹੋਰ ਤੇਲ ਨਾ ਪਾਉਣ ਅਤੇ ਘਟੋਂ ਘਟ ਇਕੋ ਕੇਸ ਵਿਚ ਸ਼ਾਮਲ ਸਿੰਘਾਂ ਸਿੰਘਣੀਆਂ ਦੇ ਪਰਿਵਾਰਾਂ ਨੂੰ ਇਕਠੇ ਹੋਕੇ ਕੇਸ ਲੜਣੇ ਚਾਹੀਦੇ ਹਨ ਅਤੇ ਪੰਥ ਵਲੋਂ ਵੀ ਸਾਂਝੀ ਕਮੇਟੀ ਬਣਾਕੇ ਨਿਰਪਖ ਪੈਰਵਾਈ ਕਰਨੀ ਚਾਹੀਦੀ ਹੈ।ਜਦ ਪੰਥ ਕਿਸੇ ਇਕ ਹੀ ਪਰਿਵਾਰ ਨੂੰ ਬਹੁਤਾ ਸਹਿਯੋਗ ਦੇਣਾ ਸ਼ੁਰੂ ਕਰਦਾ ਹੈ ਤਾਂ ਉਹ ਬਾਕੀ ਪਰਿਵਾਰਾਂ ਨੂੰ ਭੁਲ ਹੀ ਜਾਂਦਾ ਹੈ,ਕੋਈ ਵਿਰਲਾ ਆਪਣੇ ਤੋਂ ਵਦ ਆਪਣੇ ਕੌਮੀਂ ਭੈਣ-ਭਰਾਵਾਂ ਬਾਰੇ ਸੋਚਦਾ ਹੈ।ਵੈਸੇ ਵੀ ਜਰੂਰੀ ਨਹੀਂ ਕਿ ਇਕ ਸ਼ਹੀਦ ਜਾਂ ਜੁਝਾਰੂ ਦੇ ਪਰਿਵਾਰ ਦੀ ਸੋਚ ਵੀ ਸ਼ਹੀਦ ਜਾਂ ਜੁਝਾਰੂ ਵਰਗੀ ਹੋਵੇ।

ਸਾਥੀਉ! ਸੰਘਰਸ਼ ਵਿਚ ਉਜੜੇ ਦਰਜਨ,ਸੈਂਕੜੈ ਨਹੀਂ ਹਜਾਰਾਂ ਸਿਖ ਪਰਿਵਾਰ ਅਜਿਹੇ ਹਨ,ਜਿਨਾਂ੍ਹ ਨੇ ਕੌਮੀਂ ਸੰਘਰਸ਼ ਲੜਿਆ,ਕੁਰਬਾਨੀਆਂ ਕੀਤੀਆਂ,ਪਰ ਕਿਸੇ ਨੇ ਉਨਾਂ ਦੀ ਸਾਰ ਨਹੀਂ ਲਈ, ਅਸੀ ਵੀ ਇਸ ਦਾ ਹਿਸਾ ਰਹੇ ਹਾਂ ਅਤੇ ਜਿੰਨਾ ਹੋ ਸਕੇ ਲੋੜਵੰਦ ਪਰਿਵਾਰਾਂ ਤੇ ਵੀਰਾਂ ਦੀ ਮਦਦ ਦਾ ਯਤਨ ਕੀਤਾ ਤੇ ਕਰਾਂਗੇ। ਪਰ ਅਸੀ ਕਦੀ ਵੀ ਇਹ ਨਹੀਂ ਕਿਹਾ ਕਿ ਸਾਡੀ ਕਿਸੇ ਨੇ ਜੇਲ ਦੌਰਾਨ ਮਦਦ ਨਹੀਂ ਕੀਤੀ,ਮੇਰੇ ਪਿਤਾ ਜੀ ਦੀ ਮੌਤ ਤੇ ਭਰਾ ਤੇ ਦੋਸਤ ਦੀ ਸ਼ਹੀਦੀ ਤੇ ਸਹਿਜ ਪਾਠ ਤੋਂ ਬਾਅਦ ਚਾਹ ਦਾ ਲੰਗਰ ਤੇ ਦੇਗ ਲਈ ਵੀ ਪੈਸੇ ਨਹੀਂ ਸਨ ਅਤੇ ਛੇ ਮਹੀਨੇ ਇਕ ਕਛਹਿਰੇ ਨੂੰ ਹੀ ਨਚੌੜ ਨਚੌੜ ਕੇ ਜੇਲ ਦੌਰਾਨ ਪਾਉਂਦਾ ਰਿਹਾ, ਮੇਰੇ ਨਾਲ ਵੀਰ ਕੁਲਦੀਪ ਸਿੰਘ ਤਾਇਆ ਉਰਫ ਦਿਲਾਵਰ ਸਿੰਘ (ਕੇ.ਸੀ.ਐਫ) ਸੀ, ਜਿਸ ਦੀ ੧੨ ਸਾਲ ਜੇਲ ਬੰਦੀ ਦੋਰਾਨ ਦੋ-ਤਿਨ ਹੀ ਮੁਲਾਕਾਤਾਂ ਆਈਆਂ ਸਨ,ਰਿਹਾਈ ਤੋਂ ਬਾਅਦ ਜਦੋਂ ਉਹ ਪਹਿਲੀਵਾਰ ਮੈਨੂੰ ਜੰਮੂ ਕੌਰਟ ਵਿਚ ਮਿਲਿਆਂ ਤਾਂ ਉਹ ਹੌਟਲ ‘ਚ ਭਾਂਡੇ ਧੌਹ ਕੇ ਘਰ ਦਾ ਗੁਜਾਰਾ ਕਰਦਾ ਸੀ।ਅਜ ਅਸੀ ਕਾਫੀ ਹਦ ਤਕ ਸੈਟਲ ਹਾਂ ਪਰ ਉਹ ਵੀਰ ਅਜ ਵੀ  ਮੰਦਹਾਲੀ ਦਾ ਸ਼ਿਕਾਰ ਹੈ,ਕੁਝ ਦਿਨ ਪਹਿਲਾਂ ਉਸ ਨੇ ਮੈਨੂੰ ਆਪਣੀ ਧੀ ਦੇ ਵਿਆਹ ਲਈ ਸਧਾ ਪਤਰ ਦਿਤਾ,ਉਸ ਵੇਲੇ ਮੇਰੇ ਕੌਲ ਜੇਬ ਵਿਚ ਬਹੁਤੀ ਮਾਇਆ ਨਹੀਂ ਸੀ, ਮੈਂ ਤਾਏ ਨੂੰ ਕਿਹਾ ਆਪਣਾ ਮੌਬਾਈਲ ਨੰਬਰ ਲਿਖਾ,ਮੈਂ ਜਲਦੀ ਕੁਝ ਵੀਰਾਂ ਤੋਂ ਮਦਦ ਇਕਠੀ ਕਰਕੇ ਤੈਨੂੰ ਭੇਜਦਾ,ਅਫਸੌਸ ਅਜ ਜਦੋਂ ਰਿਕਸ਼ੇ ਤੇ ਰੇੜੀ ਵਾਲੇ ਵੀ ਮੌਬਾਈਲ ਲਈ ਫਿਰਦੇ ਹਨ,ਕੌੰਮ ਲਈ ਕੁਰਬਾਨੀ ਕਰਨ ਵਾਲੇ ਵਾਲਾ ਸੂਰਮਾਂ ਦੋ ਕਮਰਿਆਂ ਤੇ ਮੌਬਾਈਲ ਤੋਂ ਵੀ ਅਸਮਰਥ ਹੈ।ਅਕਾਲ ਪੁਰਖ ਕਿਰਪਾ ਕਰੇ ਅਸੀ ਛੇਤੀ ਇਸ ਨੂੰ ਸੈਟਲ ਕਰ ਸਕੀਏ,ਇਸ ਦੀ ਤਿਨ ਕੁੜੀਆਂ ਦੇ ਵਿਆਹ ਦਾ ਖਰਚ ਸੀ,ਇਕ ਲਖ ਪੰਜਾਹ ਹਜਾਰ ਰੂਪੇ ਜੋ ਕਿ ਸਾਡੇ ਵੀਰਾਂ ਨੇ ਸ਼ਾਇਦ ਚਾਰ ਪੰਜ ਇਸ਼ਤਿਹਾਰਾਂ ਤੇ ਖਰਚ ਦਿਤੇ ਹੋਣੇ।ਇਹ ਦੁਖਾਂਤ ਹੈ।ਪਰ ਇਸ ਦਾ ਇਹ ਮਤਲਬ ਨਹੀਂ ਕਿ ਅਸੀ ਵੀ ਓਹੀ ਕੁਝ ਕਰੀਏ, ਜੋ ਕੌਮੀ ਆਗੂਆਂ ਨੇ ਸਾਡੇ ਨਾਲ ਕੀਤਾ ? ਅਸੀ ਸੰਘਰਸ਼ ਦੇ ਸਿਪਾਹੀ ਹਾਂ ਤੇ ਸਾਡਾ ਸੰਘਰਸ਼ ਤਬਦੀਲੀ ਲਈ ਹੈ, ਨਾ ਕਿ ਰੂੜੀਵਾਦੀ ਲੀਹਾ ਤੇ ਕੌਮ ਨੂੰ ਤੌਰਨ ਲਈ।ਅਸੀ ਕਿਸੇ ਦੀ ਮਦਦ ਕਿਉਂ ਕਰੀਏ ? ਸਾਡੀ ਕਿਸੇ ਕਹਿੜੀ ਮਦਦ ਕੀਤੀ ? ਦੀ ਗਲ ਕਰਨੀ ਸੰਘਰਸ਼ੀ ਸਿਖਾਂ ਨੂੰ ਸ਼ੋਭਾ ਨਹੀਂ ਦੇਂਦਾ.
ਭੈਣ ਜੀ ਵਲੋਂ,ਸਾਡੀ ਕੁਰਬਾਣੀ,ਸਾਡੀ ਸੂਰਮਤਾਈ,ਸਾਡਾ ਸੰਘਰਸ਼,ਸਾਡਾ ਵੀਰ ਅਤੇ ਅਖੌਤੀ ਜਥੇਦਾਰ ਮਹਾਨ ਬਾਕੀ ਸਾਰੀਆਂ ਗਲਾਂ… ਕਰਨ ਦਾ ਢੰਗ ਤੇ ਸੋਆਲਾਂ ਦੇ ਜੁਆਬ ਵਿਚ ਸਿਰੇ ਦਾ ਅਹੰਕਾਰ ਤੇ ਗੁਸਾ ਭਰਿਆ ਹੋਇਆ ਹੈ,ਜੋ ਸਤਿਕਾਰ ਦੇ ਮਹਿਲ ਨੂੰ ਦਿਨੋ ਦਿਨ ਅਗ ਲਾਈ ਜਾ ਰਿਹਾ ਹੈ।

ਦੋਸਤੋ! ਭਾਰਤ ਦੇ ਜਿਸ ਪਖਪਾਤੀ ਨਿਜ਼ਾਮ ਅਗੇ ਨਾ ਝੁਕਣ ਦੇ ਫੈਸਲੇ ਨਾਲ, ਜੋ ਸਤਕਾਰ ਵੀਰ ਰਾਜੋਆਣੇ ਨੂੰ ਹਾਸਲ ਹੋਇਆ ਹੈ,ਇਲੈਕਸ਼ਨਾਂ ਵਿਚ ਭੈਣ ਜੀ ਨੂੰ ਖੜਾ ਕਰਕੇ ਅਸਿਧੇ ਢੰਘ ਨਾਲ ਅਖੌਤੀ ਅਕਾਲੀ ਦਲ ਤੇ ਦੇਸ਼ ਭਗਤ ਫਿਰਕੂ ਜਮਾਤ ਬੀ.ਜੇ.ਪੀ ਨੂੰ ਮਦਦ ਕਰਨਾ, ਇਕ ਤਰਾਂ ਨਾਲ ਭਾਰਤੀ ਹਾਕਮਾਂ ਅਗੇ ਗੋਡੇ ਟੇਕਣ ਵਾਲੀ ਗਲ ਹੋਵੇਗੀ.
ਸਾਥੀਓ! ਹਾਲ ਦੀ ਘੜੀ ਕਿਸੇ ਵੀ ਪੰਥਕ ਜਾਂ ਖਾਲਸਤਾਨੀ ਆਗੂਆਂ ਦਾ ਵੋਟਾਂ ਦੀ ਸਿਆਸਤ ਵਿਚ ਹਿਸਾ ਲੈਣਾ ਸਰਾਸਰ ਗਲਤ ਤੇ ਕੌਮੀਂ ਫੰਡ ਤੇ ਸਮੇਂ ਦੀ ਬਰਬਾਦੀ ਕਰਨਾ ਹੈ, ਇਹ ਵਿਸ਼ਾ ਲੰਮਾਂ ਤੇ ਚਰਚਾ ਦਾ ਹੈ,ਫਿਰ ਗਲ ਕਰਾਂਗੇ.
ਖੈਰ! ਜੇ ਭਾਈ ਬਲਵੰਤ ਸਿੰਘ ਜੀ ਨੂੰ ਲਗਦਾ ਹੈ ਕਿ ਇਲੈਕਸ਼ਨਾਂ ਵਿਚ ਕਿਸੇ ਪੰਥਕ ਮਨੁਖ ਨੂੰ ਅਗੇ ਆਉਣਾ ਚਾਹੀਦਾ ਹੈ ਤਾਂ ਪ੍ਰੋ:ਦਵਿੰਦਰਪਾਲ ਸਿੰਘ ਭੁਲਰ,ਸਰਦਾਰ ਸਿਮਰਨਜੀਤ ਸਿੰਘ ਮਾਨ,ਸਰਦਾਰ ਅਤਿੰਦਰਪਾਲ ਸਿੰਘ ਖਾਲਸਤਾਨੀ,ਸਰਦਾਰ ਹਰਿੰਦਰ ਸਿੰਘ ਨਾਰਵੇ,ੂ(ਸਾਬਕਾ ਰਾਜਦੂਤ),ਭਾਈ ਲਾਲ ਸਿੰਘ ਜੀ ਜੋ ੧੮ ਸਾਲਾਂ ਤੋਂ ਵਦ ਸਮਾਂ ਜੇਲ ਵਿਚ ਕਟ ਚੁਕੇ ਹਨ,ਜਾਂ ਆਪ ਜੀ ਦੇ ਕਰੀਬੀ ਸਾਥੀ ਵੀਰ ਗੁਰਮੀਤ ਸਿੰਘ,ਵੀਰ ਲਖਵਿੰਦਰ ਸਿੰਘ ਆਦਿ ਦਾ ਨਾ ਅਲੌਂਸ ਕੀਤਾ ਜਾ ਸਕਦਾ ਹੈ।ਵੀਰ ਜਗਤਾਰ ਸਿੰਘ ਹਵਾਰੇ ਨਾਲ ਭਾਈ ਰਾਜੋਆਣੇ ਦੇ ਨਿਜ਼ੀ ਮਤਭੇਦ ਹਨ ਇਸ ਲਈ ਮੈਂ ਉਨਾਂ੍ਹ ਦਾ ਨਾਂ ਇਸ ਲਿਸਟ ਵਿਚ ਸ਼ਾਮਲ ਨਹੀਂ ਕੀਤਾ,ਪਰ ਜਿਸ ਨੀਤੀ ਨੂੰ ਉਹ ਵਰਤ ਰਹੇ ਹਨ,ਉਹ ਇਸ ਵਿਚ ਸ਼ਾਮਲ ਹੋਣ ਦਾ ਹਕ ਰਖਦੇ ਹਨ ਅਤੇ ਇਸ ਵਿਚ ਕਿਸੇ ਨੂੰ ਕੋਈ ਸ਼ੱਕ ਜਾਂ ਗੁਸਾ ਨਹੀਂ ਹੋਣਾ ਚਾਹੀਦਾ ਕਿ ਬੇਅੰਤ ਸਿਹੰ ਸੁਧਾਈ ਮਿਸ਼ਨ ਵਿਚ ਭਾਈ ਜਗਤਾਰ ਸਿੰਘ ਮੁਖ ਆਗੂ ਦੀ ਭੂੰਮੀਕਾ ਵਿਚ ਹੈ,ਜੋ ਕੁਝ ਸਾਥੀਆਂ ਨੂੰ ਹਜਮ ਨਹੀਂ ਹੋ ਰਿਹਾ।ਪਰ ਇਨਾਂ੍ਹ ਇਲੈਕਸ਼ਨਾਂ ਵਿਚ ਕੋਈ ਜਿਤੇ ਜਾਂ ਹਾਰੇ ਕੌਮ ਤੇ ਸੰਘਰਸ਼ ਨੂੰ ਕੋਈ ਬਹੁਤਾ ਫਰਕ ਨਹੀਂ ਪੈਣਾ,ਪਰ ਹਾਂ! ਜੇ ਬੰਦੀ ਸਿੰਘ ਜਿਤ ਜਾਂਦੇ ਹਨ ਤਾਂ ਉਨਾਂ੍ਹ ਦੀ ਰਿਹਾਈ ਹੋ ਸਕਦੀ ਹੈ।
ਇਸ ਤੋਂ ਇਲਾਵਾ ਤੀਜੀ ਗਲ ਜੇ ਕਿਸੇ ਕਿਸਮ ਦੇ ਇਲੈਕਸ਼ਨ ਲੜਨੇ ਹੀ ਹਨ ਤਾਂ ਸ਼੍ਰੋਮਣੀ ਕਮੇਟੀ ਦੇ ਇਲੈਕਸ਼ਨਾਂ ਵਿਚ ਸਾਰੀਆਂ ਹੀ ਸੀਟਾਂ ਤੇ ਉਪਰ ਦਸੇ ਆਗੂਆਂ,ਬੰਦੀ ਸਿੰਘਾਂ ਤੇ ਹੋਰ ਪੰਥਕ ਸਿਧਾਂਤਕ ਵੀਰਾਂ ਅਤੇ ਬੀਬੀਆਂ ਚੋਂ ਖਾਲੜਾ ਵਰਗੀਆਂ ਭੈਣਾ ਨੂੰ ਜਿਤਾਉਣ ਲਈ ਭਾਈ ਬਲਵੰਤ ਸਿੰਘ ਤੇ ਹੋਰ ਬੰਦੀ ਸਿੰਘ ਖਾਸਕਰ ਕੇ ਫਾਂਸੀ ਵਾਲੀ ਕੌਠੀ ‘ਚ ਬੈਠੇ ਵੀਰ ਭੁਲਰ,ਵੀਰ ਰਾਜੋਆਣਾ ਤੇ ਵੀਰ ਹਵਾਰਾ ਆਦਿ ਸਾਂਝੀ ਆਪੀਲ ਕਰਦੇ ਤਾਂ ਸਚ ਜਾਣਨਾ,ਫਿਰ ਇਕ ਵਾਰ ਵਰਤਾਰਾ ਵਖਰਾ ਤੇ ਨਜਾਰਾ ਵਖਰਾ ਹੋਣਾ ਸੀ।ਪਰ ਨਿਜੀ ਰੂਪ ਵਿਚ ਚਲਾਇਆਂ ਗਿਆ ਗਲਤ ਪਹਿਦਾ ਸਾਰੀ ਬਾਜੀ ਹੀ ਉਲਟੀ ਪਾ ਗਿਆ।ਜਿਸ ਵਿਚ ਸਿਰਫ ਤੇ ਸਿਰਫ ਮਾਤ ਕੌਮ ਦੇ ਹਿਸੇ ਹੀ ਆਵੇਗੀ ਤੇ ਇਕ ਸਰਦਾਰ ਵਾਜੋਂ ਫੌਜਾਂ ਜਿਤ ਕੇ ਅੰਤ ਨੂੰ ਹਾਰੀਆਂ ਨੇ’ ਦਾ ਇਤਿਹਾਸ ਮੁੜ ਦੋਰਾਇਆ ਜਾਵੇਗਾ।
ਸਾਥੀਓ! ਵੀਰ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੇ ਵਿਰੁਧ ਕੇਸਰੀ ਲਹਿਰ ਕੌਮ ਦਾ ਕੋਈ ਮਾਨਸਿਕ ਇਨਕਲਾਬ ਨਹੀਂ ਬਲਕਿ ਕੌਮ ਦੇ ਵਡੇ ਹਿਸੇ ਦਾ ਵਕਤੀ ਹੁਲਾਰਾ ਹੀ ਸੀ।ਇਹ ਹੁਲਾਰਾ ਗੈਸ ਦੇ ਉਸ ਗੁਬਾਰੇ ਵਰਗਾ ਸੀ,ਜਿਸ ਵਿਚ ਜਿੰਨਾ ਚਿਰ ਗੈਸ ਹੋਵੇ, ਉਹ ਅਕਾਸ਼ ਵਿਚ ਉਡਦਾ ਹੈ, ਜਦੋਂ ਹਵਾ ਮੁਕ ਜਾਵੇ ਠੁਸ ਕਰਕੇ ਮੁੜ ਜਮੀਨ ਤੇ ਆ ਡਿਗਦਾ ਹੈ।
ਦੋਸਤੋ! ਜਦ ਤਕ ਕੌਮ ਨੂੰ ਮਾਨਸਿਕ ਪਧਰ ਤੇ ਗੁਰਮਤਿ ਸਿਧਾਂਤਾਂ ਦੀ ਕੁਠਾਲੀ ਵਿਚ ਘੜਕੇ ਨਾਨਕਸ਼ਾਹੀ ਰੰਗ ਵਿਚ ਨਹੀਂ ਰੰਗ ਲੈਂਦੇ, ਕੌਮ ਵਕਤੀ ਹੁਲਾਰੇ ਤਾਂ ਮਾਰ ਸਕਦੀ ਹੈ,ਪਰ ਕਿਸੇ ਮਜਬੂਤ ਤੇ ਸਥਿਰ ਗੁਰਮਤਿ ਇਨਕਲਾਬ ਨੂੰ ਜਨਮ ਨਹੀਂ ਦੇ ਸਕਦੀ।ਮੈਂਨੂੰ ਯਾਦ ਹੈ ਜਦੋਂ ਕੌਮ ਨੇ ਗੁਰੂ ਗਰੰਥ ਸਾਹਿਬ ਜੀ ਦੀ ੩੦੦ ਸਾਲਾ ਸ਼ਤਾਬਦੀ ਮਨਾਈ ਸੀ ਤਾਂ ਅੰਮ੍ਰਿਤਸਰ ਵਿਚ ਲਖਾਂ ਸਿਖਾਂ ਦਾ ਸੈਲਾਬ ਸੀ,ਪਰ ਉਨਾਂ੍ਹ ਹੀ ਦਿਨਾ ਵਿਚ, ਜਦੋਂ ਭਨਿਆਰੇ ਵਾਲੇ ਨੇ ਦਰਜਨ ਤੋਂ ਵਧ ਗੁਰੂ  ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਅਗ ਲਗਵਾਈ,ਅੰਗ ਪਾੜ ਪਾੜ ਕੇ ਸੜਕਾ ਤੇ ਸੁਟਵਾਏ ਤਾਂ ਸਿਖਾਂ ਨੇ ਉਸ ਨੂੰ ਫਾਂਸੀ ਦੀ ਮੰਗ ਤੇ ਹੋਰ ਸਜਾ ਦੇਣ ਲਈ ਧਰਨੇ ਦਿਤੇ ਅਤੇ ੫੦ ਤੋਂ ਵਧ ਨੌਜਵਾਨ ਭਨਿਆਰੇ ਨੂੰ ਮਾਰਨ ਦੇ ਯਤਨ ਵਿਚ ਫੜੇ ਗਏ, ਜਿਨਾਂ੍ਹ ਲਖਾਂ ਸਿਖਾਂ ਦੇ ਇਕਠ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਦਾ ਢੌਂਗ ਕਰਨ ਲਈ ‘੩੦੦ ਸਾਲ ਗੁਰੂ ਕੇ ਨਾਲ’ ਗਾਉਂਦੇ ਰਹੇ’ ਅਸਲ ਵਿਚ ੩੦੦ ਸਾਲ ਗੁਰੂ ਕੇ ਨਾਲ ਅਸੀ ਧੋਖਾਂ ਕੀਤਾ ਦਾ ਸਬੂਤ ਹੈ ਕਿ ਇਨਾਂ੍ਹ ਲਖਾਂ ਦੇ ਇਕਠ ਨੇ ਭਨਿਆਰੇ ਵਰਗਿਆਂ ਦੇ ਡੇਰਿਆਂ ਵਲ ਕੂਚ ਨਹੀਂ ਕੀਤਾ,ਜੇ ਇੰਝ ਹੋ ਜਾਂਦਾ ਤਾਂ ਭਨਿਆਰੇ ਵਰਗਿਆਂ ਦੇ ਡੇਰੇ ਦੀ ਹਾਲਤ ਵੀ ਸਰਹੰਦ ਦੀ ਦਾਸਤਾਂ ਵਾਂਗ ਇਟ ਨਾਲ ਇਟ ਟਕਰਾ ਜਾਂਦੀ ਅਤੇ ਬਾਕੀ ਪਖੰਡੀ ਸਾਧਾਂ ਦਾ ਵੀ ਇਹੀ ਹਸ਼ਰ ਹੁੰਦਾ। ਪਰ ਇਹ! ਤਾਂ ਹੁੰਦਾ ਜੇ ਕੌਮ ਮਾਨਸਿਕ ਤੇ ਸਿਧਾਂਤਕ ਤੌਰ ਤੇ ਗੁਰਮਤਿ ਇਨਕਲਾਬ ਦੇ ਰਾਹ ਤੁਰੀ ਹੁੰਦੀ।ਇਸ ਵਿਸ਼ੇ ਤੇ ਦਾਸ ਦੀ ਕਿਤਾਬ ‘ਗੁਰਮਤਿ ਇਨਕਲਾਬ’ ਕੌਮ ਦੀ ਜਵਾਨੀ ਨੂੰ ਜਲਦ ਭੇਟ ਕਰਨ ਦਾ ਯਤਨ ਕੀਤਾ ਜਾਵੇਗਾ।
ਦੋਸਤੋ! ਸਾਡੇ ਆਗੂ ਕੌਮ ਨੂੰ ਉਸ ਢੰਗ ਨਾਲ ਜਾਗਰੂਕ ਨਹੀਂ ਕਰ ਸਕੇ ਜਿਵੇਂ ਕਿ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਨੇ ਕੀਤਾ ਸੀ,ਬੇਸ਼ਕ ਅਜੇ ਉਨਾਂ੍ਹ ਨੂੰ ਬਹੁਤਾ ਸਮਾਂ ਨਹੀਂ ਸੀ ਮਿਲਿਆ ਅਤੇ ਹਲਾਤਾਂ ਕਰਕੇ ਕੁਝ ਘਾਟਾਂ ਵੀ ਰਹਿ ਗਈਆਂ ਸਨ ਅਤੇ ਉਨਾਂ੍ਹ ਤੋਂ ਬਾਅਦ ਕੋਈ ਉਨਾਂ੍ਹ ਵਰਗਾ ਆਗੂ ਕੌਮ ਨੂੰ ਨਹੀਂ ਮਿਲਿਆ।ਕਾਸ਼ ਜੇ ਬਾਬਾ ਜਰਨੈਲ ਸਿੰਘ ਜੀ ਤੋਂ ਬਾਅਦ ਭਾਈ ਅਮਰੀਕ ਸਿੰਘ ਜਾਂ ਭਾਈ ਹਰਮਿੰਦਰ ਸਿੰਘ ਵਰਗਾ ਦੂਰ ਅੰਦੇਸ਼ ਆਗੂ ਰਹਿਣੁਮਾਈ ਕਰਦਾ ਤਾਂ ਨਤੀਜੇ ਬਹੁਤ ਵਧੀਆਂ ਹੁੰਦੇ।
ਇਸੇ ਤਰਾਂ ਭਾਈ ਦਲਜੀਤ ਸਿੰਘ ਜੀ ਬਿਟੂ ਤੇ ਹੋਰਾਂ ਵਲੋਂ ਆਪਣੇ ਹਥਿਆਰਬੰਦ ਸੰਘਰਸ਼ ਦੋਰਾਨ ਇਲੈਕਸ਼ਨਾਂ ਦਾ ਵਿਰੋਧ ਕਰਨਾ ਹੁਣ ਵੀ ਠੀਕ ਲਗਦਾ ਹੈ ਕਿਉਂਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਸਹੀ ਤੇ ਜੇਤੂ ਹੁੰਦਿਆਂ ਵੀ ਅਖੌਤੀ ਅਕਾਲੀਆਂ ਦੀ ਚੰਡਾਲ ਚੌਂਕੜੀ ਵਲੋਂ ਕੌਮ ਦੀ ਨਜ਼ਰਾਂ ਵਿਚ ਗਲਤ ਸਾਬਤ ਕਰ ਦਿਤਾ ਗਿਆ ਸੀ। ਯਾਦ ਰਹੇ ਕੌਮ ਸਰਦਾਰ ਸਿਮਰਨਜੀਤ ਸਿੰਘ ਮਾਨ,ਸਰਦਾਰ ਭਾਈ ਦਲਜੀਤ ਸਿੰਘ ਬਿਟੂ,ਸਰਦਾਰ ਅੰਤਿਦਰਪਾਲ ਸਿੰਘ ਖਾਲਸਤਾਨੀ ਵਰਗੇ ਆਗੂਆਂ ,ਜਿਨਾਂ ਦੀ ਆਪਸੀ ਸਾਂਝ ਕੌਮ ਨੂੰ ਬਹੁਤ ਕੁਝ ਦੇ ਸਕਦੀ ਹੈ,ਪਰ ਇਨਾਂ੍ਹ ਦੀ ਆਪਸੀ ਸਾਂਝ ਪੂਰਨ ਏਕਤਾ ਕਿਸੇ ਹਾਲਤ ਵਿਚ ਵੀ ਯਕੀਨੀ ਨਹੀਂ,ਪਰ ਘਟੋਂ ਘਟ ਆਪਸੀ ਸਾਂਝ ਲਈ ਸ਼ਹਾਦਤ ਦੇ ਬੂਹੇ ਖੜੇ ਕਿਸੇ ਸਿੰਘ ਵਲੋਂ ਯਤਨ ਕੀਤਾ ਜਾਂਦਾ ਤਾਂ ਕੌਮ ਨੇ ਵਖਰਾ ਨਜ਼ਾਰਾ ਵੇਖਣਾ ਸੀ। ਬੇਸ਼ਕ ਮੈਂ ਇੰਨਾਂ ਆਗੂਆਂ ਦੀ ਕੁਝ ਪਾਰਟੀ ਨੀਤੀਆਂ ਕਰਕੇ ਪੂਰੀ ਤਰਾਂ ਸਹਿਮਤ ਨਹੀਂ,ਪਰ ਫਿਰ ਵੀ ਕੌਮੀਂ ਮਸਲਿਆਂ ਤੇ ਇੰਨਾਂ ਦਾ ਸਾਥ ਦੇਣਾ ਆਪਣਾ ਕੌਮੀਂ ਫਰਜ ਸਮਜਦਾ ਹਾਂ ਕਿਉਂਕਿ ਵਿਚਾਰਾਂ ਦਾ ਮਿਲਣਾ ਦੁਖ ਵਾਲੀ ਗਲ ਨਹੀਂ,ਪਰ ਜੇ ਕੌਮੀਂ ਰਾਹ ਤੇ ਕਦਮ ਨਾ ਮਿਲਕੇ ਚਲਣ ਤਾਂ ਇਹ ਕੌਮੀਂ ਦੁਖਾਂਤ ਹੈ।ਮੈਂ ਆਪਣੇ ਨੌਜਵਾਨ ਵੀਰਾਂ ਨੂੰ ਕਿਹਾ ਕਰਦਾ ਹਾਂ ਕਿ ਦੋਸਤੋ! ਜੇ ਕੋਈ ਸਾਡਾ ਸਭ ਤੋਂ ਵਡਾ ਅਲੋਚਕ ਜਾਂ ਵਿਰੋਦੀ ਵੀ ਕੌਮੀ ਜਾਂ ਮਨੁਖੀ ਭਲੇ ਲਈ ਕੁਝ ਚਗਾਂ ਕਰਦਾ ਹੈ ਤਾਂ ਸਾਨੂੰ ਉਸ ਦਾ ਸਾਥ ਦੇਣਾ ਚਾਹੀਦਾ ਹੈ,ਇਹ ਇਕ ਚੰਗੇ ਸਿਖ ਦੀ ਨਿਸ਼ਾਨੀ ਹੈ।
ਅਸੀ ਸੁਣਦੇ ਹੁੰਦੇ ਸੀ,ਜੇ ਮਹਿਤਾ ਚਾਬਲਾ ਜੇਲ ਚੋਂ ਛੁਟ ਕੇ ਆ ਗਏ ਤਾਂ ਚੜਦੀਕਲਾ ਹੋ ਜਾਣੀ ਹੈ,ਜੇ ਹਰਮਿੰਦਰ ਸਿੰਘ ਗਿਲ ਆ ਗਿਆ ਤਾਂ ਚੜਦੀਕਲਾ ਹੋ ਜਾਵੇਗੀ, ਫਿਰ ਭਾਈ ਦਲਜੀਤ ਸਿੰਘ ਜੀ ਤੇ ਹੋਰਾਂ ਬਾਰੇ ਸੋਚਦੇ ਰਹੇ ਭਾਈ ਦਲਜੀਤ ਸਿੰਘ,ਸ੍ਰ.ਅਤਿੰਦਰਪਾਲ ਸਿੰਘ,ਸ੍ਰ.ਸਿਮਰਨਜੀਤ ਸਿੰਘ ਮਾਨ,ਭਾਈ ਸਤਨਾਮ ਸਿੰਘ ਪਾਉਂਟਾ ਆਦਿ ਬੇਸ਼ਕ ਵਖਰੇ ਵਖਰੇ ਰਾਹਾਂ ਤੇ ਹਨ,ਪਰ ਇੰਨਾਂ ਦੀ ਮਜਿੰਲ ਅਜ ਵੀ ਇਕੋ ਹੈ, ਪਰ ਜੋ ਲੋਕ ਕਲ ਤਕ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਦੇ ਸਜੇ ਖਬੇ ਹੁੰਦੇ ਸੀ, ਉਹ ਮਹਿਤਾ,ਚਾਵਲਾ,ਮਨਜੀਤ ਸਿੰਘ,ਰਾਮ ਸਿੰਘ ਤੇ ਹਰਮਿੰਦਰ ਸਿੰਘ ਗਿਲ ਵਰਗੇ ਅਜ ਕਿਥੇ ਖੜੇ ਹਨ ?
ਇਸੇ ਤਰਾਂ ਕਿੰਨੇ ਹੀ ਲੋਕ ਅਜ ਕੋਈ ਕਿਸੇ ਸ਼ਹੀਦ ਦਾ ਸਾਥੀ ਤੇ ਕੋਈ ਕਿਸੇ ਆਗੂ ਜਾਂ ਸ਼ਹੀਦ ਦਾ ਧੀ,ਪੁਤ,ਦੋਸਤ ਹੋਣ ਦਾ ਦਾਵਾ ਕਰ ਰਿਹਾ ਹੈ,ਪਰ ਕੌਮ ਇਹ ਨਹੀਂ ਵੇਖਦੀ ਕਿ ਇਹ ਲੋਕ ਅਜ ਕੀ ਕਰ ਰਹੇ ਹਨ? ਬਸ ਅਖਾਂ ਮੀਟ ਕੇ ਕਈਂ ਸਿਖ ਆਪਣੀ ਕਿਰਤ ਦੀ ਕਮਾਈ ਅੰਨੀ ਸ਼ਰਧਾ ਅਧੀਨ ਲੁਟਾਈ ਜਾ ਰਹੇ ਹਨ ਅਤੇ ਕੌਮੀਂ ਕਾਫਲੇ ਦੇ ਨਵੇਂ ਤੇ ਸਿਧਾਂਤਕ ਵੀਰਾਂ-ਭੈਣਾ ਵਲ ਮੂੰਹ ਨਹੀਂ ਕਰਦੇ।ਇਸੇ ਤਰਾਂ ਕੌਮ ਨੇ ਵੀਰ ਰਾਜੋਆਣੇ ਤੋਂ ਉਮੀਦਾਂ ਰਖੀਆ ਸਨ ਕਿ ਉਹ ਦ੍ਰਿੜ ਸ਼ਹਾਦਤ ਦੇ ਫੈਸਲੇ ਨਾਲ ਨੌਜਵਾਨਾਂ ਲਈ ਪਰ੍ਰੇਨਾ ਸਰੋਤ ਬਣੇਗਾ।
ਪਰ ਵੀਰ ਬਲਵੰਤ ਸਿੰਘ ਜੀ ਦੇ ਇਲੈਕਸ਼ਨਾਂ ਵਿਚ ਦੋ ਸੀਟਾਂ ਤੇ ਨੁਮਾਂਇਦੇ ਖੜੇ ਕਰਨ ਵਾਲੇ ਫੈਸਲੇ ਤੋਂ ਕੁਝ ਵੀਰਾਂ ਭੈਣਾਂ ਤੋਂ ਇਲਾਵਾ ਬਾਕੀ ਕੌਮ ਨਿਰਾਸ਼ ਅਤੇ ਦੁਬਿਧਾ ਵਿਚ ਹੈ ਕਿ ਦਰਬਾਰ ਸਾਹਿਬ ਤੇ ਹਮਲਾ ਕਰਨ ਵਾਲੀ ਸਰਕਾਰ ਦੀ ਖਿਲਾਫਤ,ਪਰ ਹਮਲਾ ਕਰਵਾਉਣ ਲਈ ਚਿਠੀਆਂ ਭੇਜ ਕੇ ਫੌਜਾਂ ਮੰਗਵਾਉਣ ਅਤੇ ਕਾਂਗਰਸ ਨੂੰ ਹਮਲਾ ਕਰਨ ਲਈ ਮਜਬੂਰ ਕਰਨ ਵਾਲੇ ਅਖੌਤੀ ਅਕਾਲੀਆਂ ਤੇ ਜਨਸੰਘੀਆਂ(ਬੀ.ਜੇ.ਪੀ) ਦੇ ਗਠਬੰਦਨ ਨੂੰ ਵੋਟਾਂ ਪਾਉਣ ਦੀ ਆਪੀਲ? ਸਮਝ ਤੋਂ ਬਹਾਰ ਹੈ ਕਿ ਇਹ ਕਿਥੇ ਦੀ ਸਿਆਣਪ ਹੈ?
ਸਾਥੀਉ! ਜਿਵੇਂ ਅਸੀ ਜੇਲਾਂ ‘ਚ ਬੰਦ ਸਿੰਘਾਂ ਨੂੰ ਦੌਸ਼ੀ ਨਹੀਂ ਮੰਨਦੇ ਬਲਕਿ ਸਿੰਘਾਂ ਨੂੰ ਅਤ ਦਾ ਅੰਤ ਕਰਨ ਲਈ ਮਜਬੂਰ ਕਰਨ ਵਾਲੇ ਬੇਅੰਤ ਸਿਹੁੰ ਨੂੰ ਦੋਸ਼ੀ ਮੰਨਦੇ ਹਾਂ, ਇਸੇ ਤਰਾਂ ਦਰਬਾਰ ਸਾਹਿਬ ਤੇ ਹਮਲੇ ਲਈ ਜਿੰਨੀ ਵਡੀ ਦੋਸ਼ੀ ਕਾਂਗਰਸ ਹੈ, ਉਨੇ ਹੀ ਵਡੀ ਦੌਸ਼ੀ ਬੀ.ਜੇ.ਪੀ,ਆਰ.ਐਸ.ਐਸ ਹੈ, ਜਿਸਨੇ ਕਾਂਸਰਸ ਨੂੰ ਹਮਲੇ ਲਈ ਮਜਬੂਰ ਕੀਤਾ ਅਤੇ ਫਿਰ ਹਮਲੇ ਤੋਂ ਬਾਅਦ ਵਧਾਈਆਂ ਦਿਤੀਆਂ,ਲਡੂ ਵੰਡੇ ਤੇ ਭੰਗੜੇ ਪਾਏ ਅਤੇ ਸਭ ਤੋਂ ਵਡੇ ਦੌਸ਼ੀ ਹਨ ਡੌਗਰਿਆਂ ਦੇ ਵਾਰਸ ਅਖੌਤੀ ਅਕਾਲੀ ਜੋ ਕਾਂਗਰਸ-ਬੀ.ਜੇ.ਪੀ ਨਾਲ ਰਲੇ ਹੋਏ ਹਨ ਅਤੇ ਦਰਬਾਰ ਸਾਗਬ ਹਮਲੇ ਲਈ ਦਿਲੀ ਚਿਠੀਆਂ ਭੇਜਦੇ ਰਹੇ।ਇਹ ਤਾਂ ਡੋਗਰਿਆਂ ਤੋਂ ਵੀ ਸੌ ਕਦਮ ਅਗੇ ਲੰਗ ਗਏ, ਇਸ ਲਈ ਕੌਮ ਲਈ ਤਿੰਨੇ ਸਰਕਾਰਾਂ ਮਾੜੀਆਂ ਨੇ ਪਰ ਵਕਤੀ ਤੌਰ ਤੇ ਡੋਗਰਿਆਂ ਤੇ ਚੰਦੂਆਂ ਦੇ ਵਾਰਸਾਂ ਦਾ ਗਠਜੋੜ ਕੌਮ ਲਈ ਸਭ ਤੋਂ ਵਧ ਨੁਕਸਾਨ ਦੇਹ ਹੈ।
ਸਾਥੀਉ! ਕੌਮ ਦੀ ਜਵਾਨੀ ਬਾਰ ਬਾਰ ਕੌਮੀਂ ਜੁਝਾਰੂਆਂ ਅਤੇ ਆਗੂਆਂ ਤੋਂ ਨਿਰਾਸ਼ ਹੁੰਦੀ ਰਹੀ ਤਾਂ ਇਸ ਦਾ ਭਰੋਸਾ ਹੋਰ ਕੰਮਜੋਰ ਹੋਵੇਗਾ।ਸਾਡਾ ਮੰਨਣਾ ਹੈ ਕਿ ਜੁਝਾਰੂ ਐਕਸ਼ਨ ਕਰਨਾ ਵਖਰੀ ਗਲ ਹੈ,ਪਰ ਕਿਸੇ ਨੂੰ ਕੌਮ ਦਾ ਜਥੇਦਾਰ ਜਾਂ ਮਹਾਂਨ ਆਗੂ ਬਣਾ ਦੇਣਾ ਵਖਰੀ ਗਲ ਹੈ।ਹਰ ਇਕ ਜੁਝਾਰੂ ਵਿਚ ਅਜਿਹੀਆਂ ਖੂਬੀਆਂ ਨਹੀਂ ਹੁੰਦੀਆਂ ਕਿ ਉਹ ਸਰਦਾਰ ਹਰੀ ਸਿੰਘ ਨਲੂਆਂ,ਬਾਬਾ ਬੰਦਾ ਸਿੰਘ ਬਹਾਦਰ,ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲੇ,ਭਾਈ ਅਮਰੀਕ ਸਿੰਘ,ਸਰਦਾਰ ਜਨਰਲ ਸੁਬੇਗ ਸਿੰਘ ਵਰਗੇ ਨੀਤੀਵਾਨ ਤੇ ਸਿਧਾਂਤਕ ਪਖ ਦੇ ਮਜ਼ਬੂਤ ਆਗੂ ਹੋ ਨਿਬੜਣ।ਪਰ ਕੌਮ ਦੀ ਬਦ ਕਿਸਮਤੀ ਹੈ ਕਿ ਕਿਸੇ ਦੀ ਥੋੜੀ ਜੇਹੀ ਚੜਤ ਹੋ ਜਾਵੇ ਤਾਂ ਉਸ ਦੀ ਗੁਰਮਤਿ ਜਾਂ ਰਾਜਨੀਤਕ ਪਹੁੰਚ ਦੇਖੇ ਬਿਨਾ ਹੀ ਉਸ ਨੂੰ ਕੌਮ ਦਾ ਜਥੇਦਾਰ ਐਲਾਣ ਦਿਤਾ ਜਾਂਦਾ ਹੈ।ਇਸ ਤੋਂ ਪਹਿਲਾਂ ਵੀ ਕਈਆਂ ਨੂੰ ਜਥੇਦਾਰ ਬਣਾਇਆ ਗਿਆ ਸੀ, ਪਰ ਅਜ ਉਹ ਕਿਥੇ ਖੜੇ ਹਨ ਤੇ ਕੀ ਕਰ ਰਹੇ ਹਨ? ਕਿਸੇ ਨੇ ਕੌਮ ਲਈ ਕੀ ਕੀਤਾ ਮੈਟਰ ਨਹੀਂ ਰਖਦਾ, ਪਰ ਉਹ ਅਜ ਕਿਥੇ ਖੜਾਂ ਹੈ ਤੇ ਕੀ ਕਰ ਰਿਹਾ ਹੈ ਇਹ ਵਡੀ ਵਿਚਾਰਨ ਵਾਲੀ ਗਲ ਹੈ।ਇੰਝ ਤਾਂ ਕੈਪਟਨ ਅਮਰਿੰਦਰ ਸਿੰਘ ਤੇ ਉਸ ਦੇ ਪਰਿਵਾਰ ਅਤੇ ਮਾਸੀਆਂ-ਮਾਮਿਆਂ ਦਾ ਕੌਮ ਲਈ ਵਡਾ ਯੌਗਦਾਨ ਹੈ,ਪਰ ਕੈਪਟਨ ਹੋਰੀ ਅਜ ਹੋਰ ਰਾਹਾਂ ਤੇ ਤੁਰ ਗਏ ਹਨ ਪਰ ਉਨਾਂ ਦੇ ਕਈਂ ਰਿਸ਼ਤੇਦਾਰ ਅਜ ਵੀ ਕੌਮ ਲਈ ਵਡੀ ਸੇਵਾ ਕਰ ਰਹੇ ਹਨ।ਜੇ ਬਾਦਲ,ਕੈਪਟਨ,ਮਹਿਤੇ,ਚਾਵਲੇ,ਗਿਲ ਅਜ ਵੀ ਕੌਮ ਤੋਂ ਸਚੇ ਦਿਲੋਂ ਮਾਫੀ ਮੰਗਕੇ ਅਤੇ ਅੰਦਰ ਦਾ ਸਾਰਾ ਸਚ ਅਤੇ ਸਰਕਾਰੀ ਜੁਲਮੀਂ ਗਾਥਾਂ ਨੂੰ ਕੌਮ ਦੇ ਸਾਹਮਣੇ ਰਖਕੇ ਨਵੇਂ ਸਿਰੇ ਤੋਂ ਕੌਮੀ ਪਰਚਮ ਹੇਠ ਆ ਜਾਂਦੇ ਹਨ ਤਾਂ ਕਿਸੇ ਨੂੰ ਕੋਈ ਇਤਰਾਜ ਵੀ ਨਹੀਂ ਹੋਵੇਗਾ ਅਤੇ ਪੰਥਕ ਜਥੇਬੰਦੀਆਂ ਇਨਾਂ ਨੂੰ ਬੋਟਾ ‘ਚ ਮਦਦ ਕਰਕੇ ਇਨਾਂ ਤੋਂ ਪੰਥਕ ਮਸਲੇ ਹਲ ਕਰਾਉਣ ਲਈ ਜਰੂਰ ਅਗੇ ਆਵੇਗੀ।ਪਰ ਅਜਿਹਾ ਅਜੇ ਕੁਝ ਨਹੀਂ ਦਿਸਦਾ।ਇਸ ਲਈ ਇਸ ਵੇਲੇ ਕੌਮ ਨੂੰ ਵੋਟਾਂ ਲੈਣ ਲਈ ਝੋਲੀ ਅਡਣ ਦੀ ਨਹੀਂ ਬਲਕਿ ਪਿੰਡਾਂ ਸ਼ਹਿਰਾਂ ਵਿਚ ਜਾਕੇ ਗੁਰਮਤਿ ਸਿਧਾਂਤਾਂ ਦੇ ਮਜਬੂਤ ਝੰਡੇ ਗਡਣ ਦੀ ਲੋੜ ਹੈ। ਕੇਸਰੀ ਝੰਡੀਆਂ ਨਾਲ ਚੰਦ ਦਿਨਾ ਦੀ ਰੋਣਕ ਤਾਂ ਹੋ ਸਕਦੀ ਹੈ, ਪਰ ਕੌਮ ਦੀ ਚੜਦੀਕਲਾ ਨਹੀਂ ਹੋ ਸਕਦੀ।ਇਸ ਲਈ ਵੋਟਾਂ ਦੀ ਰਾਜਨੀਤੀ ਦੀ ਥਾਂ ਕੌਮੀਂ ਮੁਦਿਆਂ ਅਤੇ ਮਸਲਿਆਂ ਤੇ ਵੋਟਾਂ ਤੋਂ ਰਹਿਤ ਸਿਆਸੀ ਤਾਕਤ ਦੀ ਵਰਤੋਂ ਕਰਨੀ ਚਾਹੀਦੀ ਹੈ।ਜਿਵੇਂ ਕਿ ਯੂ.ਕੇ,ਯੂ.ਐਸ.ਏ,ਕਨੇਡਾ ਆਦਿ ਦੇਸ਼ਾਂ ਵਿਚ ਡਾ:ਅਮਰਜੀਤ ਸਿੰਘ,ਸ੍ਰ.ਗੁਰਮੀਤ ਸਿੰਘ ਔਲਖ,ਲਵਸ਼ਿੰਦਰ ਸਿੰਘ ਡਲੇਵਾਲ,ਭਾਈ ਜੋਗਾ ਸਿੰਘ,ਭਾਈ ਰੇਸ਼ਮ ਸਿੰਘ,ਸਰਦਾਰ ਡਾ:ਪੀ.ਐਸ.ਅਜਰਾਵਤ,ਮਨਮੋਹਨ ਸਿੰਘ ਬਜਾਜ, ਵਰਗਿਆਂ ਸਿਖ ਆਗੂਆਂ ਅਤੇ ਜਿਵੇਂ ਪੰਜਾਬ ਵਿਚ ਸਰਦਾਰ ਸਿਮਰਨਜੀਤ ਸਿੰਘ ਮਾਨ ਹਾਰਨ ਜਾਂ ਜਿਤਣ ਉਹ ਕੌਮੀਂ ਹਕਾਂ ਲਈ ਅਵਾਜ ਚੁਕਦੇ ਤੇ ਜਾਲਮਾਂ ਨੂੰ ਨਿਤ ਨਵੀਂ ਵੰਗਾਰ ਪਾਉਂਦੇ ਰਹਿੰਦੇ ਹਨ,ਭਾਈ ਦਲਜੀਤ ਸਿੰਘ ਬਿਟੂ ਨੇ ਕੋਈ ਇਲੈਕਸ਼ਨ ਨਹੀਂ ਲੜੇ, ਫਿਰ ਵੀ ਸਰਕਾਰ ਨੂੰ ਉਨਾਂ ਤੋਂ ਉਨਾਂ ਹੀ ਡਰ ਹੈ ਜਿੰਨਾਂ ਕਿ ਓਪੋਜਿਸ਼ਨ ਤੋਂ ਹੁੰਦਾ ਹੈ,ਭਾਈ ਗਜਿੰਦਰ ਸਿੰਘ ਜੀ,ਦਲ ਖਾਲਸਾ ਨੇ ਕਦੀ ਇਲੈਕਸ਼ਨ ਨਹੀਂ ਲੜੇ,ਪਰ ਉਹ ਕੌਮੀਂ ਹਕਾਂ ਲਈ ਵਧੀਆਂ ਕਾਰ ਗੁਜਾਰੀ ਕਰੀ ਜਾ ਰਹੇ ਹਨ,ਸ਼ਾਇਦ ਇੰਨੀ ਕੋਈ ਐਮ.ਐਲ.ਏ.ਬਣਕੇ ਵੀ ਨਾ ਕਰ ਸਕੇ। ਗਲ ਮੁਕਦੀ ਹੈ ਕਿ ਲੋਕ ਵੋਟਾਂ ਵਾਲੇ ਹਰ ਇਕ ਸਿਆਸੀ ਆਗੂ ਨੂੰ ਮੁਫਾਦਪ੍ਰਸਤ ਸਮਝਦੇ ਹਨ ਅਤੇ ਇੰਨਾਂ ਤੋਂ ਪੂਰੀ ਤਰਾਂ ਨਿਰਾਸ਼ ਹਨ।ਵੈਸੇ ਵੀ ਵੋਟਾਂ ਮੰਗਣ ਵਾਲਾ ਕੋਈ ਵੀ ਲੀਡਰ ਕਦੀ ਵੀ ਕੌਮੀਂ ਮਸਲਿਆਂ,ਸਿਧਾਂਤਾਂ ਤੇ ਦ੍ਰਿੜ ਹੋਕੇ ਪਹਿਰਾ ਦੇ ਹੀ ਨਹੀਂ ਸਕਦਾ ਕਿਉਕਿ ਉਸ ਨੂੰ ਹਰ ਇਕ ਤੋਂ ਵੋਟ ਚਾਹੀਦੇ ਹੁੰਦੇ ਹਨ ਅਤੇ ਵੋਟਾਂ ਲਈ ਕਿਤੇ ਨਾ ਕਿਤੇ ਸਮਜੋਤਾ ਕਰਨਾ ਪਹਿੰਦਾ ਹੈ।ਜੇ ਉਹ ਇਕ ਵਾਰ ਜਿਤ ਵੀ ਜਾਵੇ ਉਸ ਦੀ ਦੂਜੀ ਵਾਰ ਜਿਤਣ ਦੀ ਕੋਈ ਉਮੀਦ ਨਹੀਂ ਹੁੰਦੀ ਅਤੇ ਜਿਤਣ ਤੋਂ ਬਾਅਦ ਪਾਰਲੀਮੈਂਟ ਵਿਚ ਕੌਮੀਂ ਮਸਲੇ ਤੇ ਅਜ਼ਾਦੀ ਦੀ ਗਲ ਕਰਨ ਵਾਲਾ ਹਰ ਕੋਈ ਸਰਦਾਰ ਸਿਮਰਨਜੀਤ ਸਿੰਘ ਮਾਨ,ਅਤਿੰਦਰਪਾਲ ਸਿੰਘ,ਬੀਬੀ ਬਿਮਲ ਕੌਰ,ਜਗਮੀਤ ਸਿੰਘ ਕਨੇਡਾ ਆਦਿ ਸਿਖਾਂ ਵਰਗਾ ਨਹੀਂ ਹੁੰਦਾ। ਇਥੇ ਤਾਂ ਬਹੁਤੇ ਉਲਟੀ ਵਾੜ ਖੇਤ ਕੋ ਖਾਏ ਦੇ ਪਕੇ ਪਹਿਰੇਦਾਰ ਹਨ।ਜੋ ਕਿਸੇ ਵੀ ਇਮਾਨਦਾਰ ਤੇ ਸਚੇ ਮਨੁਖ ਨੂੰ ਸਚ ਹਕ ਦੀ ਅਵਾਜ਼ ਚੁਕਣ ਹੀ ਨਹੀਂ ਦੇਂਦੇ ਅਤੇ ਇਸ ਬਦਲੇ ਹਾਕਮਾਂ ਤੋਂ ਸਰਕਾਰੀ ਖੈਰਾਤ ਲੈਂਦੇ ਰਹਿੰਦੇ ਹਨ।ਇਨਾਂ ਵਿਚ ਕੁਝ ਦੋ ਮੂੰਹੇ ਬੁਕਲ ਦੇ ਸਪ ਅਖੌਤੀ ਫੈਡਰਸ਼ਨੀਏ ਵੀ ਹਨ, ਜਿਨਾਂ੍ਹ ਨੇ ਵੀਰ ਬਲਵੰਤ ਸਿੰਘ ਜੀ ਨਾਲ ਕੋਰਟ ਵਿਚ ਫੋਟੇ ਖਿਚਵਾਕੇ ਮੁੜ ਪੰਥਕ ਮੌਖਟਾ ਪਾਉਣ ਦਾ ਢੌੰਗ ਕੀਤਾ ਹੈ,ਇਨਾਂ ਲੋਕਾਂ ਦੇ ਕੌਮੀ ਜੁਝਾਰੂ ਨਾਲ ਫੌਟੋ ਵੇਖਕੇ ਹਰ ਇਕ ਪੰਥ ਦਰਦੀ ਦੇ ਦਿਲ ਨੂੰ ਡੂੰਗੀ ਸਟ ਵਜਦੀ ਹੈ।
ਅਜ ਕੌਮ ਲਈ ਇੰਨਾਂ ਤੋਂ ਇਲਾਵਾ ਕੌਮੀਂ ਪਰਿਵਾਰਾਂ ਲਈ ਦੇਸ਼ ਵਿਦੇਸ਼ ਦੀਆਂ ਬਹੁਤ ਸਾਰੀਆਂ ਸੰਸਥਾਵਾਂ ਵੀ ਬਾਖੂਬ ਸੇਵਾ ਕਰ ਰਹੀਆਂ ਹਨ,ਜਿਵੇਂ ਕਿ ਗੁਰ ਆਸਰਾ ਫਾਉਂਡੇਸ਼ਨ ਕਨੇਡਾ,ਸੇਵਾ ਸੋਸਾਈਟੀ ਕਨੇਡਾ,ਖਾਲਸਾ ਏਡ ਯੂਕੇ,ਨਿਜੀ ਰੂਪ ਵਿਚ ਡਾ:ਅਵਤਾਰ ਸਿੰਘ ਜੀ ਵਰਗੇ ਕਈਂ ਨਿਰਪਖ ਸਿਖ,ਸਿਖ ਫਾਰ ਜਸਟਿਸ,ਪੰਜਾਬ ਹਿਊਮਨਰਾਇਟਸ (ਸਰਦਾਰ ਅਜੀਤ ਸਿੰਘ ਜੀ ਬੈਂਸ,ਖਾਲੜਾ ਮਿਸ਼ਨ ਆਰਗੇਨਾਇਜੇਸ਼ਨ (ਬੀਬੀ ਖਾਲੜਾਂ) ਸਰਦਾਰ ਡੀ.ਐਸ ਗਿਲ,ਸਿਖ ਸਟੂਡੈਂਟ ਫੈਡਰਸ਼ਨ  ਭਾਈ ਗਾਜੀ ਤੇ ਪੀਰਮਹੁਮਦ,ਗੁਰ ਆਸਰਾ ਟਰਸਟ ਮੁਹਾਲੀ,ਭਾਈ ਧਰਮ ਸਿੰਘ ਖਾਲਸਾ ਟਰਸਟ,ਮਾਤਾ ਗੁਜਰੀ ਸਹਾਰਾ ਟਰਸਟ ……ਆਦਿ ਸੰਸਥਾਵਾਂ ਹਨ ਬੇਸ਼ਕ ਇੰਨਾਂ ਵਿਚ ਨਿਜੀ ਮਤਭੇਦ ਹੋ ਸਕਦੇ ਹਨ,ਕਮੀਂ ਪੇਸ਼ੀਆਂ ਵੀ ਹੋ ਸਕਦੀਆਂ ਹਨ,ਸਾਨੂੰ ਇੰਨਾਂ ਦਾ ਢੰਗ ਤਰੀਕਾ ਵੀ ਠੀਕ ਨਾ ਲਗੇ,ਪਰ ਕੌਮ ਲਈ ਇੰਨਾਂ ਦੀਆਂ ਸੇਵਾਵਾਂ ਹਾਲ ਦੀ ਘੜੀ ਬਾਖੂਬ ਚਲ ਰਹੀਆਂ ਹਨ।
ਵੀਰ ਬਲਵੰਤ ਸਿੰਘ! ਇਕ ਚੰਗਾ ਇਮਾਨਦਾਰ ਕੌਮੀਂ ਸਿਪਾਈ ਹੈ,ਜਿਸ ਨੇ ਕੌਮ ਦੇ ਵਡੇ ਦੋਖੀ ਨੂੰ ਸੋਧਾਂ ਲਾਉਣ ਵਿਚ ਵਧੀਆਂ ਰੋਲ ਅਦਾ ਕੀਤਾ ਹੈ। ਪਰ ਉਹ ਸ਼ੇਰਾਂ ਦੀ ਖਲ ਵਿਚ ਲੁਕੀ ਬੈਠੀਆਂ ਲੌਬੜੀਆਂ ਦੇ ਸ਼ਿਕਾਰੀ ਢੰਘ ਨੂੰ ਨਹੀਂ ਸਮਜ ਪਾ ਰਿਹਾ ਕਿਉਂਕਿ ਬੇਇਮਾਨ ਸਿਆਸਤਦਾਨਾਂ ਦੀ ਮਕਾਰੀ ਤੂੰ ਸ਼ਾਇਦ ਇਹ ਜਜਬਾਤੀ ਸੂਰਮਾਂ ਪੂਰੀ ਤਰਾਂ ਵਾਕਫ ਨਹੀਂ ਹੈ।ਇਸੇ ਲਈ ਇਹ ਇੰਨਾਂ੍ਹ ਅਖੌਤੀ ਜਥੇਦਾਰਾਂ ਤੇ ਅਕਾਲੀਆਂ ਬਾਰੇ ਆਪਣੀ ਨੀਤੀ ਸਪਸਟ ਨਹੀਂ ਕਰ ਪਾ ਰਿਹਾ ਅਤੇ ਜਜਬਾਤੀ ਰੋਹ ਵਿਚ ਕੁਝ ਸਮਝਣਾ ਨਹੀਂ ਚਾਹੁੰਦਾ ਅਤੇ ਇਸ ਤਰਾਂ ਕਰਨ ਨਾਲ ਕੌਮ ਦੇ ਦਿਲਾਂ ਵਿਚ ਹਜਾਰਾਂ ਸ਼ੰਕੇ ਤੇ ਸੁਆਲ ਪਨਪ ਰਹੇ ਹਨ ? ਆਖਰ ਇਹ ਸਭ ਕੁਝ ਕੌਮ ਦਾ ਇਮਾਨਦਾਰ ਸਿਪਾਈ ਕਿਉਂ ਕਰ ਰਿਹਾ ਹੈ ?
ਮੈਂ ਵੀਰ ਰਾਜੋਆਣੇ ਨੂੰ ਭੇਜੀ ਚਿਠੀ ਵਿਚ ਬੇਨਤੀ ਕੀਤੀ ਸੀ ਕਿ ਜੇ ਆਪ ਜੀ ਨੇ ਇਨਾਂ੍ਹ ਅਖੌਤੀ ਜਥੇਦਾਰਾਂ ਜਾਂ ਕੌਮ ਨੂੰ ਕੋਈ ਆਪੀਲ ਕਰਨੀ ਹੈ ਤਾਂ, ਆਪੀਲ ਕਰੋ ਕਿ ਜਾਤਾਂ ਗੌਤਾਂ ਦੇ ਨਾਂਵਾਂ ਹੇਠ ਬਣੇ ਗੁਰੂਦੁਆਰੇ ਤੇ ਸ਼ਮਸ਼ਾਨਘਾਟ ਫੋਰਨ ਬੰਦ ਕਰ ਦਿਤੇ ਜਾਣ,ਜੋ ਸਰ ਜਮੀਨ-ਏ- ਖਾਲਸਤਾਨ ਅਤੇ ਬੇਗਮਪੁਰਾ ਦੇ ਸਿਧਾਂਤ ਨੂੰ ਕਲੰਕਤ ਕਰ ਰਹੇ  ਹਨ।ਜੇ ਆਪ ਜੀ ਦੀ ਸ਼ਹਾਦਤ ਨਿਸਚਿਤ ਹੈ ਤਾਂ ਕੌਮ ਨੂੰ ਆਪੀਲ ਕਰਨਾ ਕਿ ਉਹ ਇਕ ਟੀ.ਵੀ ਚੈਨਲ ਦੀ ਉਸਾਰੀ ਲਈ ਦਸਵੰਦ ਦੇਵੇ,ਉਸ ਵਿਚ ਉਹ ਦਸਵੰਦ ਵੀ ਸ਼ਾਮਲ ਕਰਨਾ ਜੋ ਇਲੈਕਸ਼ਨਾਂ ਵਿਚ ਖਰਚਣਾ ਚਾਹੁੰਦੇ ਹੋ,ਇਹ ਚੈਨਲ ਸਮੂੰਹ ਸ਼ਹੀਦਾਂ ਨੂੰ ਸਮਰਪਿਤ ਹੋਵੇ,ਜਿਸ ਦਾ ਨਾਂ ਸ਼ਹੀਦ ਜਾਂ ਜੂਨ ੮੪ ਜਾਂ ਹੋਰ ਕੋਈ ਵੀ ਰਖਿਆ ਜਾ ਸਕਦਾ,ਜਿਵੇਂ ਕਿ ਡਾ.ਅਮਰਜੀਤ ਸਿੰਘ ਹੋਰਾਂ ਨੇ ਔਨਲਾਈਨ ਟੀ.ਵੀ ਚੈਨਲ ੮੪ ਟੀ.ਵੀ ਸ਼ੁਰੂ ਕੀਤਾ ਹੈ,ਇਹ ਚੈਨਲ ਸਦਾ ਲਈ ਨਾਨਕਸ਼ਾਹੀ ਵਿਚਾਰਧਾਰਾ,ਕੌਮੀਂ ਹਕਾਂ ਅਤੇ ਸ਼ਹੀਦਾਂ ਦੀ ਅਵਾਜ਼ ਬੁਲੰਦ ਕਰਦਾ ਰਹੇ, ਪਰ ਇਸ ਟੀਮ ‘ਚ ਕੋਈ ਵੀ ਜਥੇਦਾਰ ਜਾਂ ਪਰਿਵਾਰਕ ਮੈਂਬਰ ਸ਼ਾਮਲ ਨਾ ਕੀਤਾ ਜਾਵੇ, ਨਹੀਂ ਤਾਂ,ਨਾ ਇਹ ਉਸਰ ਸਕੇਗਾ ਨਾ ਚਲ ਸਕੇਗਾ. ਅਜਿਹੇ ਹੋਰ ਕਈਂ ਕੰਮ ਬਹੁਤ ਜਰੂਰੀ ਹਨ ਨਾ ਕਿ ਇਲੈਕਸ਼ਨਾਂ ਵਿਚ ਸਮਾਂ ਤੇ ਕੌਮ ਦਾ ਪੈਸਾ ਬਰਬਾਦ ਕਰਨਾ। ਆਪ ਜੀ ਦੇ ਨਾਲ ਨਾਲ ਏਹੀ ਬੇਨਤੀ ਮੇਰੀ ਵੀਰ ਪ੍ਰੋ:ਦਵਿੰਦਰਪਾਲ ਸਿੰਘ ਭੁਲਰ,ਵੀਰ ਜਗਤਾਰ ਸਿੰਘ ਹਵਾਰਾ ਤੇ ਹੋਰ ਵੀਰਾਂ-ਭੈਣਾਂ ਨੂੰ ਵੀ ਹੈ ਕਿ ਉਹ ਆਪਣੇ ਮਾਨ ਸਤਿਕਾਰ ਨੂੰ ਮੁਖ ਰਖਦਿਆਂ ਕੌਮ ਦੀਆਂ ਇਨਾਂ ਘਾਟਾਂ ਨੂੰ ਕੌਮ ਤੋਂ ਪੂਰਾ ਕਰਵਾ ਸਕਦੇ ਹਨ,ਤਾਂ ਜਰੂਰ ਇਸ ਵਲ ਧਿਆਂਨ ਦੇਨ,ਸਆਸੀ ਆਗੂਆਂ ਅਤੇ ਅਖੌਤੀ ਜਥੇਦਾਰਾਂ ਬਾਰੇ ਆਪਣੀ ਨੀਤੀ ਸਪਸ਼ਟ ਕਰਨ।
ਦੋਸਤੋ! ਮੈਂ ਆਖਰ ਵਿਚ ਬੇਨਤੀ ਕਰਾਂ ਕਿ ਕੋਈ ਵੀ ਹਾਕਮ ਤੇ ਪਾਰਟੀ ਸਦਾ ਦੁਸ਼ਮਣ ਜਾਂ ਵਿਰੋਧੀ ਨਹੀਂ ਹੁੰਦੀ ਅਤੇ ਜੇ ਮੀਰੀ ਪੀਰੀ ਦੀ ਗਲ ਕਰਨੀ ਹੈ ਤਾਂ ਜਾਲਮ ਹਾਕਮ ਤੇ ਪਾਰਟੀ ਦਾ ਵਿਰੋਧ ਜਰੂਰੀ ਹੈ,ਪਰ ਕਿਸੇ ਇਕ ਪਾਰਟੀ ਨੂੰ ਸਦਾ ਲਈ ਦੁਸ਼ਮਣ ਇਲਾਨ ਦੇਣਾ ਰਾਜਨੀਤੀ ਨਹੀਂ, ਵਿਰੋਧ aਦੋਂ ਤਕ ਹੈ ਜਦ ਤਕ ਉਹ ਜਾਲਮ ਜਾਂ ਫਿਰਕੂ ਨੀਤੀ ਤਿਆਗ ਨਹੀਂ ਦੇਂਦੇ, ਗੁਰੂ ਇਤਿਹਾਸ ਵਿਚ ਬਹੁਤ ਸਾਰੇ ਪ੍ਰਮਾਣ ਤੇ ਹਵਾਲੇ ਇਹ ਗਲ ਸਾਬਤ ਕਰਦੇ ਹਨ।ਲੇਖ ਦੇ ਵਡੇ ਹੋ ਜਾਣ ਕਰਕੇ ਇਥੇ ਗਲ ਸਮੇਟਦਾ ਹਾਂ ਕਿ ਕਸ਼ਮੀਰ ਵਿਚ ਹੁਰੀਅਤ ਕਾਨਫਰੰਸ਼ ਦੇ ਆਗੂ ਕਦੀ ਇਲੈਕਸ਼ਨ ਨਹੀਂ ਲੜਦੇ।ਪਰ ਪੀ.ਡੀ.ਪੀ ਵਰਗੀਆਂ ਪਾਰਟੀਆਂ ਦਾ ਗੁਪਤ ਰੂਪ ਵਿਚ ਸਹਿਯੌਗ ਕਰਕੇ ਉਨਾਂ੍ਹ ਤੋਂ ਕਸ਼ਮੀਰੀ ਲੋਕਾਂ ਦੇ ਭਲੇ,ਬੰਦੀ ਮੁਜਾਇਦਾਂ ਦੀ ਰਿਹਾਈ ਅਤੇ ਕਾਤਲ ਅਫਿਸਰਾਂ ਵਿਰੁਧ ਉਨਾਂ ਵਲੋਂ ਕਾਰਵਾਈਆਂ ਕਰਵਾਈਆਂ ਜਾਂਦੀਆਂ ਹਨ ਅਤੇ ਅਵਾਂਮ ਦੇ ਸਮਰਥਨ ਨੇ ਉਨਾਂ੍ਹ ਨੂੰ ਇੰਨਾਂ ਮਜ਼ਬੂਤ ਕੀਤਾ ਹੋਇਆ ਹੈ ਕਿ ਉਨਾਂ੍ਹ ਦੀ ਇਕ ਅਵਾਜ ਤੇ ਹਰ ਦਿਨ ਲਖਾਂ ਲੋਕ ਸ਼ੜਕਾਂ ਤੇ ਉਤਰ ਆਉਂਦੇ ਹਨ।ਸਰਕਾਰ ਕੋਈ ਵੀ ਹੋਵੇ, ਥਾਣਿਆਂ ਤੇ ਮੰਤਰੀਆਂ ਦੇ ਦਫਤਰਾਂ ਵਿਚ ਹੁਰੀਅਤ ਦੇ ਲੀਡਰਾਂ ਦਾ ਸਿਕਾ ਚਲਦਾ ਹੈ ਅਤੇ ਦਿਲੀ ਵਾਲੇ ਨਿਤ ਦਿਨ ਹੁਰੀਅਤ ਆਗੂਆਂ ਨੂੰ ਕਸ਼ਮੀਰ ਮਸਲੇ ਤੇ ਗਲਬਾਤ ਲਈ ਸਦਾ ਪਤਰ ਦੇਂਦੇ ਰਹਿੰਦੇ ਹਨ।ਇਕ ਹੋਰ ਗਲ ਜੇ ਕੋਈ ਹੁਰੀਅਤ ਆਗੂ ਦਿਲੀ ਵਾਲਿਆਂ ਨਾਲ ਮੀਟਿੰਗ ਜਾਂ ਗਲਬਾਤ ਕਰਦਾ ਹੈ ਤਾਂ ਉਸ ਨੂੰ ਗਦਾਰ ਕਹਿਣ ਦੀ ਮੂਰਖਤਾ ਕਰਦਿਆਂ ਮੈਂ ਕਿਸੇ ਨੂੰ ਨਹੀਂ ਦੇਖਿਆ ਜਿਵੇਂ ਅਕਸਰ ਆਪਣੇ ਪੰਜਾਬ ‘ਚ ਕੀਤਾ ਜਾਂਦਾ ਹੈ।ਇਸ ਕਾਮਯਾਬੀ ਦਾ ਨੁਕਤਾ ਹੈ! ਕਸ਼ਮੀਰ ਦੇ ਮੁਸਲਮਾਨਾਂ ਦਾ ਦੀਨ-ਏ-ਇਸਲਾਮ’ਚ ਪਕਿਆ ਹੋਣਾ ਬਲਕਿ ਕੌਮੀਂ ਆਗੂਆਂ ਤੇ ਸੰਸਥਾਵਾਂ ਵਲੋਂ ਪਕਿਆਂ ਕੀਤਾ ਜਾਣਾ ਅਤੇ ਹੁਰੀਅਤ ਵਲੋਂ ਲੋਕਾਂ ਦੇ ਮਸਲਿਆਂ ਤੇ ਲੋੜਾਂ ਦਾ ਖਿਆਲ ਰਖਣਾ ਅਤੇ ਇਲੈਕਸ਼ਨਾਂ ਉਤੇ ਸਮਾਂ ਤੇ ਪੈਸਾ ਬਰਬਾਦ ਕਰਨ ਦੀ ਥਾਂ ਆਪਣੇ ਭਰੋਸੇਮੰਦ ਨੌਜਵਾਨਾਂ ਨੂੰ ਵਖੋ ਵਖ ਫਿਲਡ ਵਿਚ ਪੜਾਉਣਾ,ਸੈਟਲ ਕਰਨਾ,ਜਥੇਬੰਦ ਕਰਨਾ ਤੇ ਉਨਾਂ੍ਹ ਨੂੰ ਇਸਲਾਮੀਂ ਸਿਧਾਂਤਾਂ ਦਾ ਪਕੇ ਪਹਿਰੇਦਾਰ ਬਣਾਈ ਰਖਣਾ।
ਜੇ ਅਸੀ ਗੌਰ ਨਾਲ ਪੁਰਾਤਨ ਸਿਖ ਇਤਿਹਾਸ ਪੜ੍ਹਾਗੇ ਤਾਂ ਸਿਖਾਂ ਦੀ ਫਤਹਿਯਾਬੀ ਦੇ ਏਹੀ ਭੇਦ ਦਿਸਨਗੇ ਹਨ ਅਤੇ ਭਵਿਖੀ ਸੰਘਰਸ਼ ਨੂੰ ਲੋਕ ਲਹਿਰ ਬਨਾਉਣ ਲਈ ਵੀ ਏਹੀ ਜਰੂਰੀ ਹੈ ਕਿ ‘ਗੁਰਮਤਿ ਇਨਕਲਾਬ’ ਦੀ ਉਸਾਰੀ ਵਲ ਪੂਰਾ ਧਿਆਨ ਕੇਂਦਰਿਤ ਕੀਤਾ ਜਾਵੇ।ਸਾਡੇ ਇਹ ਵਿਚਾਰ ਵਿਰਸੇ ਤੇ ਸਿਧਾਂਤ ਦੇ ਅਧਾਰਿਤ ਕੋਈ ਕਿਤਾਬੀ ਜਾਂ ਖਿਆਲੀ ਕਸਰਤ ਨਹੀਂ ਹਨ।
ਦੋਸਤੋ! ਸਿਖ ਸੰਘਰਸ਼ ਵਿਚ ਯੌਗਦਾਨ ਪਾਉਣ ਵਾਲਾ ਹਰ ਸਿਖ ਸਤਿਕਾਰ ਯੌਗ ਹੈ,ਹਰ ਸ਼ਹੀਦ ਪਰਿਵਾਰ ਤੇ ਜੇਲਾਂ ਕਟ ਚੁਕੇ ਤੇ ਬੰਦੀ ਸਿਖ ਸਤਿਕਾਰ ਯੌਗ ਹਨ,ਕਿਸੇ ਦੀ ਕੁਰਬਾਨੀ ਵਡੀ ਜਾਂ ਛੌਟੀ ਨਹੀਂ।ਪਰ ਹਾਂ ਕੁਰਬਾਨੀ ਵਾਲਾ ਕੋਈ ਸਿਖ ਜੇ ਵਡੀ ਤੌਂ ਵਡੀ ਕੁਰਬਾਨੀ ਕਰਨ ਤੋਂ ਬਾਅਦ,ਅਜ ਆਪਣੇ ਨਿਸ਼ਾਨੇ ਅਤੇ ਸਿਧਾਂਤ ਤੋਂ ਉਲਟ ਰਾਹ ਤੁਰ ਰਿਹਾ ਹੈ ਤਾਂ ਉਸ ਵਲੋਂ ਕੀਤੀ ਕਰਾਈ ਖੂਹ ‘ਚ ਪਾਉਣ ਵਾਲੀ ਗਲ ਹੈ।ਯਾਦ ਰਖਣਾ! ਸੰਘਰਸ਼ ਦੌਰਾਨ ਅਕਸਰ ਲੋਕ ਜਿਸ ਨੂੰ ਜਜਬਾਤ ਤੇ ਜੋਸ਼ ਵਿਚ ਆਕੇ ਉਤਾਂਹ ਚੁਕਦੇ ਹਨ, ਛੋਟੀ ਜਿਹੀ ਗਲਤੀ ਤੇ ਉਸੇ ਮਨੁਖ ਨੂੰ ਵਗਾਹ ਕੇ ਹੇਠਾਂ ਵੀ ਸੁਟ ਦੇਂਦੇ ਹਨ।ਜਦੋਂ ਕੋਈ ਸਿਖ ਕੌਮ ਦੀਆਂ ਨਜ਼ਰਾਂ ਵਿਚ ਪਰਵਾਨ ਚੜ੍ਹ ਜਾਵੇ, ਉਸ ਨੂੰ ਆਪਣੇ ਹਰ ਫੈਸਲੇ ਤੋਂ ਪਹਿਲਾਂ ਕੌਮੀਂ ਹਿਤਾਂ ਨੂੰ ਮਦੇ ਨਜ਼ਰ ਰਖ ਲੈਣਾ ਚਾਹੀਦਾ ਹੈ, ਨਹੀਂ ਤਾਂ ਕੌਮ ਜਿੰਨੀ ਛੇਤੀ ਮੋਢਿਆਂ ਤੇ ਚੁਕਦੀ ਹੈ, ਉਨੀ ਹੀ ਛੇਤੀ ਪੈਰਾਂ ਹੇਠ ਲਿਤਾੜ ਵੀ ਦੇਂਦੀ ਹੈ।ਅਸੀ ਅਜਿਹੇ ਬਹੁਤ ਸਾਰੇ ਵਾਕਿਆ ਦੇਖੇ ਹਨ।ਜਰੂਰੀ ਨਹੀਂ ਕਿ ਸਾਰਿਆਂ ਨੂੰ ਇਹ ਵਿਚਾਰ ਸਹੀ ਲਗਣ।ਪਰ ਵਿਚਾਰ ਚਲਦੇ ਰਹਿਣੇ ਚਾਹੀਦੇ ਹਨ ਅਤੇ ਜਿਥੇ ਉਨਾਂ ਨੂੰ ਸਿਧਾਂਤਕ ਤੌਰ ਤੇ ਕੋਈ ਵਿਚਾਰ ਗਲਤ ਲਗਦਾ ਹੈ ਤਾਂ ਗਲਤੀ ਸਵੀਕਾਰਨਾ ਅਤੇ ਆਪਣੇ ਵਿਚਾਰਾਂ ਵਿਚ ਸੁਧਾਰ ਕਰਨਾ ਮੇਰਾ ਤੇ ਹਰ ਸਿਖ ਦਾ ਫਰਜ ਹੈ,ਅਸੀ ਚੰਗੇ ਸੁਝਾਵਾਂ ਦੀ ਉਡੀਕ ਵਿਚ ਰਹਾਂਗੇ।ਇਹ ਲੇਖ ਲਿਖਦੇ ਹੋਏ ਖਬਰ ਮਿਲੀ ਕਿ ਭਾਈ ਗੁਰਬਕਸ਼ ਸਿੰਘ ਜੀ ਖ਼ਾਲਸਾ ਬੰਦੀ ਸਿੰਘਾਂ ਦੀ ਰਿਹਾਈ ਲਈ ਮਰਨ ਵਰਤ ਤੇ ਬੈਠ ਗਏ ਹਨ।ਕੌਮ ਦਾ ਯਕੀਨ ਇੰਨਾਂ ਤੋੜਿਆਂ ਜਾ ਚੁਕਾ ਹੈ ਕਿ ਛੇਤੀ ਕਿਤਿਆਂ ਕਿਸੇ ਤੇ ਯਕੀਨ ਹੀ ਨਹੀਂ ਹੁੰਦਾ ਪਰ ਭਾਈ ਖਾਲਸਾ ਦੇ ਨੇਕ ਤੇ ਦ੍ਰਿੜ ਹੋਸਲੇ ਨੂੰ ਵੇਖਦੇ ਹੋਏ ਏਹੀ ਕਹਿ ਸਕਦੇ ਹਾਂ ਕਿ ਜੇ ਅਸੀ ਅਜੋਕੇ ਸਮੇਂ ਵਿਚ ਕਿਸੇ ਵੀ ਲਹਿਰ ਨੂੰ ਸਹੀ ਦਿਸ਼ਾ ਤੇ ਫਤਹਿਯਾਬੀ ਵਲ ਲੈਕੇ ਜਾਣਾ ਹੈ ਤਾਂ ‘ਤਖਤਾਂ ਤੇ ਬੈਠੇ ਮੋਡਰਨ ਮਸੰਦਾਂ-ਅਖੌਤੀ ਜਥੇਦਾਰਾਂ ਦਾ ਪੂਰਨ ਬਾਈਕਾਟ ਕੀਤਾ ਜਾਵੇ ਨਹੀਂ ਤਾਂ ਇਹ ਗੁਲਾਮਾਂ ਦੇ ਗੁਲਾਮ ਅਰੂੜ ਸਿਹੁੰ ਦੇ ਵਾਰਸ ਕੌਮੀ ਮੁਧੇ ਤੇ ਬੰਨਣ ਵਾਲੀ ਹਰ ਇਕ ਲਹਿਰ ਨੂੰ ਗੁੰਮਰਾਹ ਕਰਦੇ ਰਹਿਣਗੇ।
“ਇਰਾਦਾ ਨੇਕ ਤੇ ਬੁਲੰਦ ਹੋਸਲਾ, ਪਾਕ-ਪਵਿਤਰ ਮਕਸਦ ਤੇਰਾ।ਹੁਣ ਥਿੜਕੀ ਨਾ ਗੁਰਬਖਸ਼ ਸਿੰਘਾਂ,ਨਾਂ ਲਊਗਾ ਬਚਾ ਬਚਾ ਤੇਰਾ।ਕੌਮ ਨੂੰ ਹਲੂਣਨ ਲਈ ਕੁਰਬਾਨੀ ਤੇਰੀ,ਨਹੀਂ ਬਿਰਥੀ ਜਾਣੀ,ਫੇਰੂਮਾਨ ਦੇ ਵੀਰਾ।ਮੁਰਦਾ ਜਮੀਰ ਜਥੇਦਾਰਾਂ-ਬਾਬਿਆਂ ਲਈ,ਤੇਰਾ ਧਰਨਾ-ਮਰਨਾ ਇਕ ਵੰਗਾਰ ਹੈ ਵੀਰਾ,ਚੰਦ ਲਫਜ਼ਾਂ ਨਾਲ ਹਾਜਰ ਹੈ ‘ਸਿੰਘ ਜੰਮੂ’ਤੇਰੇ ਸਮਰਥਨ ‘ਚ ਸਾਡਾ ਜਥਾ ਕੌਮੀਂ ਵੀਰਾ।”
ਇਸ ਉਮੀਦ ਨਾਲ ਕਿ ਛੋਟਿਆਂ ਭਰਾਵਾਂ ਦੀਆਂ ਗਲਾਂ ਦਾ ਬੁਰਾ ਨਹੀਂ ਮੰਨੀਦਾ. ਭੁਲਾਂ ਦੀ ਖਿਮਾਂ,ਅਕਾਲ ਸਹਾਏ,ਗੁਰੂ ਫਤਹਿ॥

ਮਨਮੋਹਨ ਸਿੰਘ (ਜੰਮੂ) singhmanmohanpb@gmail.com

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

w

Connecting to %s